ਦਿੜ੍ਹਬਾ, 05 ਜੁਲਾਈ- ਕੈਬਨਿਟ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਤੋਂ ਕਮਾਲਪੁਰ ਤਕ ਕਰੀਬ 05 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ 06.7 ਕਿਲੋਮੀਟਰ ਸੜਕ ‘ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਿਰਮਾਣ ਸਮੱਗਰੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਹਨਾਂ ਦੱਸਿਆ ਕਿ ਕਮਾਲਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਪ੍ਰਮੁੱਖ ਸੜਕਾਂ ਦੇ ਨਿਰਮਾਣ ਅਤੇ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਾ ਚੁੱਕੀ ਹੈ, ਜਿਸ ਨਾਲ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਲਗਭਗ 12 ਕਿਲੋਮੀਟਰ ਨਵੀਆਂ ਸੜਕਾਂ (ਜੋ ਪਹਿਲਾਂ ਕੱਚੇ ਰਸਤੇ ਸਨ) ਬਣਾਈਆਂ ਜਾ ਰਹੀਆਂ ਹਨ ਅਤੇ ਲਗਭਗ 20 ਕਿਲੋਮੀਟਰ, ਮੌਜੂਦਾ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਸੜਕੀ ਪ੍ਰੋਜੈਕਟਾਂ ‘ਤੇ ਲਗਭਗ 20 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ।
ਇਹਨਾਂ ਵਿਕਾਸ ਪ੍ਰੋਜੈਕਟਾਂ ਤਹਿਤ ਕਮਾਲਪੁਰ ਤੋਂ ਸਫੀਪੁਰ, ਕਮਾਲਪੁਰ ਤੋਂ ਸਮੂਰਾਂ, ਕਮਾਲਪੁਰ ਤੋਂ ਸਫੀਪੁਰ ਖੁਰਦ, ਖਨਾਲ ਕਲਾਂ ਤੋਂ ਕਮਾਲਪੁਰ, ਕਮਾਲਪੁਰ ਤੋਂ ਬਘਰੌਲ, ਕਮਾਲਪੁਰ ਤੋਂ ਦਿਆਲਗੜ੍ਹ ਜੇਜੀਆਂ, ਕਮਾਲਪੁਰ ਤੋਂ ਦਿੜ੍ਹਬਾ, ਅਤੇ ਕਮਾਲਪੁਰ ਤੋਂ ਘਨੌੜ ਰਾਜਪੂਤਾਂ ਤਕ ਦੀਆਂ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਪੂਰੇ ਪੰਜਾਬ ਵਿੱਚ ਇਸ ਸਮੇਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵਾਂ ਨਿਰਮਾਣ ਜਾਂ ਉਹਨਾਂ ਨੂੰ ਚੌੜਾ ਕਰਨ ਦਾ ਕੰਮ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਅਜੋਕੇ ਸਮੇਂ ਵਿੱਚ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਗਿਣਤੀ ਬਹੁਤ ਵਧ ਗਈ ਹੈ, ਜਿਸ ਕਾਰਨ ਪੁਰਾਣੀਆਂ ਸੜਕਾਂ ਤੰਗ ਮਹਿਸੂਸ ਹੋਣ ਲੱਗ ਪਈਆਂ ਸਨ। ਸੜਕਾਂ ਦੇ ਚੌੜੇ ਹੋਣ ਨਾਲ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ, ਉੱਥੇ ਹੀ ਸੜਕੀ ਹਾਦਸਿਆਂ ‘ਤੇ ਵੀ ਪੂਰੀ ਤਰ੍ਹਾਂ ਲਗਾਮ ਲੱਗੇਗੀ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
ਸੜਕਾਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਨੇ ਲੋਕਾਂ ਨੂੰ ਇੱਕ ਅਹਿਮ ਅਪੀਲ ਕੀਤੀ ਕਿ ਸੜਕਾਂ ‘ਤੇ ਪਾਣੀ ਬਿਲਕੁਲ ਨਾ ਖੜ੍ਹਨ ਦਿੱਤਾ ਜਾਵੇ। ਜਿਸ ਵੀ ਜਗ੍ਹਾ ‘ਤੇ ਪਾਣੀ ਖੜ੍ਹਦਾ ਹੈ, ਉੱਥੋਂ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ।
ਚੱਲ ਰਹੇ ਕੰਮ ਦੇ ਮਟੀਰੀਅਲ ਦੀ ਖੁਦ ਜਾਂਚ ਕਰਦਿਆਂ ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਵਿੱਚ ਹੇਠਾਂ ਪੱਥਰ (ਵੱਟਾ) ਪਾਉਣ ਤੋਂ ਬਾਅਦ 40 ਐਮ.ਐਮ. ਦਾ ਮਟੀਰੀਅਲ ਪਾਇਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਤਸੱਲੀਬਖਸ਼ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰਾ ਕੰਮ ਪਾਰਦਰਸ਼ੀ ਤੇ ਮਿਆਰੀ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅਹੁਦੇਦਾਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
