ਏ.ਐਨ.ਟੀ.ਐਫ. ਦੀ ਤਰਫ਼ੋਂ ਰਿਸ਼ਵਤ ਮੰਗਣ ਵਾਲੇ ਵਿਅਕਤੀ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ

Politics Punjab


ਚੰਡੀਗੜ੍ਹ, 7 ਨਵੰਬਰ:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬੀਨੂੰ ਵਰਮਾ ਵਾਸੀ ਧੂਰੀ, ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਦੇ ਨਾਮ ਉੱਪਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋਹਟੀ ਦੇ ਵਾਸੀ ਅਮਨਦੀਪ ਉਰਫ਼ ਕਾਲੂ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਪਟਿਆਲਾ ਦਾ ਇੱਕ ਮੁਲਾਜ਼ਮ ਉਸਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੇਸ ਸਬੰਧੀ ਬੀਨੂ ਵਰਮਾ ਨਾਮੀ ਇੱਕ ਵਿਅਕਤੀ ਨੇ ਸ਼ਿਕਾਇਤਕਰਤਾ ਕੋਲ ਪਹੁੰਚ ਕੀਤੀ ਕਿ ਏ.ਐਨ.ਟੀ.ਐਫ. ਦੇ ਮੁਲਾਜ਼ਮਾਂ ਨਾਲ ਉਸਦੀ ਜਾਣਕਾਰੀ ਹੋਣ ਕਰਕੇ ਉਸਦੀ ਮਦਦ ਕਰ ਸਕਦਾ ਹੈ ਅਤੇ ਏ.ਐਨ.ਟੀ.ਐਫ. ਦੇ ਪੁਲਿਸ ਮੁਲਾਜ਼ਮ ਦੀ ਤਰਫੋਂ 7 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 5 ਲੱਖ ਵਿੱਚ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ ਬੀਨੂ ਵਰਮਾ ਅਤੇ ਉਸ ਦਰਮਿਆਨ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।
ਉਹਨਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ ਉਕਤ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ ਅਤੇ ਅਗਲੇਰੀ ਜਾਂਚ ਦੌਰਾਨ ਏ.ਐਨ.ਟੀ.ਐਫ. ਦੇ ਮੁਲਾਜ਼ਮ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

———-