ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਰੋਕਣ ਲਈ ਇੱਕ ਹੋਰ ਪਹਿਲਕਦਮੀ

Politics Punjab


ਚੰਡੀਗੜ੍ਹ, 22 ਨਵੰਬਰ:

ਖਣਨ ਖੇਤਰ ਵਿੱਚ ਆਧੁਨਿਕ ਤਕਨਾਲੌਜੀ ਨੂੰ ਲਾਗੂ ਕਰਨ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ‘ਪੰਜਾਬ ਮਾਈਨਜ਼ ਇੰਸਪੈਕਸ਼ਨ’ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਇਹ ਮੋਬਾਈਲ ਐਪ ਸੂਬੇ ਭਰ ਵਿੱਚ ਖਣਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਚੈਕਿੰਗ ਵਧਾਉਣ ਲਈ ਡਿਜ਼ਾਈਨ ਕੀਤੀ ਗਈ ਹੈ।

ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਐਂਡਰਾਇਡ-ਆਧਾਰਤ ਐਪਲੀਕੇਸ਼ਨ ਵਿਭਾਗੀ ਅਧਿਕਾਰੀਆਂ ਲਈ ਮਾਈਨਿੰਗ ਵਾਲੀਆਂ ਥਾਵਾਂ ਦੀ ਸਹੀ ਢੰਗ ਨਾਲ ਚੈਕਿੰਗ ਕਰਨ ਅਤੇ ਉਨ੍ਹਾਂ ਦੇ ਦਸਤਾਵੇਜ਼ੀਕਰਨ ਸਬੰਧੀ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰੇਗੀ। ਇਹ ਐਪ ਸੂਬੇ ਵਿੱਚ ਖਣਨ ਨਿਯਮਾਂ ਅਤੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨਵੀਨਤਾਕਾਰੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਐਪ ਪਾਰਦਰਸ਼ੀ ਅਤੇ ਕੁਸ਼ਲ ਚੈਕਿੰਗ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਏਗੀ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਅਹਿਮ ਹਥਿਆਰ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਇਹ ਤਕਨਾਲੌਜੀ-ਆਧਾਰਤ ਪਹੁੰਚ ਖਣਨ ਨਿਯਮਾਂ ਦਾ ਬਿਹਤਰ ਲਾਗੂਕਰਨ ਯਕੀਨੀ ਬਣਾ ਕੇ ਸੂਬੇ ਦੇ ਮਾਲੀਏ ਨੂੰ ਵਧਾਉਣ ਵਿੱਚ ਵੀ ਸਹਾਈ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਐਪ ਜ਼ਿਲ੍ਹਾ ਮਾਈਨਿੰਗ ਅਫ਼ਸਰਾਂ, ਉਪ-ਮੰਡਲ ਅਫ਼ਸਰਾਂ ਅਤੇ ਜੂਨੀਅਰ ਇੰਜੀਨੀਅਰਾਂ ਨੂੰ ਮਾਈਨਿੰਗ ਵਾਲੀਆਂ ਨਿਰਧਾਰਤ ਥਾਵਾਂ ਦੇ 200 ਮੀਟਰ ਦੇ ਘੇਰੇ ਲਈ ਵਿਸਥਾਰਤ ਨਿਰੀਖਣ ਰਿਪੋਰਟ ਤਿਆਰ ਕਰਨ ਦੇ ਯੋਗ ਬਣਾਵੇਗੀ।

ਇਹ ਐਪ ਸ਼ਨਾਖ਼ਤ ਕੀਤੇ ਗਏ ਹੌਟਸਪਾਟ ਦੇ ਆਲੇ-ਦੁਆਲੇ ਦੇ 500-ਮੀਟਰ ਨਿਗਰਾਨੀ ਜ਼ੋਨ ਨੂੰ ਖ਼ੁਦ-ਬ-ਖ਼ੁਦ ਰੇਖਾਂਕਿਤ ਕਰੇਗੀ, ਛਾਪੇ ਦੌਰਾਨ ਭੂਗੋਲਿਕ ਸਥਿਤੀ ਨੂੰ ਦਰਸਾਏਗੀ ਅਤੇ ਅਧਿਕਾਰੀਆਂ ਨੂੰ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰਨ ਵਿੱਚ ਸਹਾਈ ਹੋਵੇਗੀ। ਇਸ ਐਪ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨਾਲ ਜਾਣ ਵਾਲੇ ਅਧਿਕਾਰੀਆਂ ਦੇ ਦਸਤਾਵੇਜ਼ੀਕਰਨ ਸਣੇ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਦੇ ਅਣਸੁਲਝੇ ਮਾਮਲਿਆਂ ਨੂੰ ਉਪਰਲੇ ਪੱਧਰ ‘ਤੇ ਭੇਜਣ ਲਈ ਆਟੋ-ਐਸਕੇਲੇਸ਼ਨ ਵਿਧੀ ਵੀ ਸ਼ਾਮਲ ਹੈ।

ਇਸ ਐਪਲੀਕੇਸ਼ਨ ਦੀ ਵਿਆਪਕ ਪਹੁੰਚ ਵਿੱਚ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਕਾਰਜਕੁਸ਼ਲਤਾ ਅਤੇ ਜਨਤਕ ਮਾਈਨਿੰਗ ਸਾਈਟਾਂ (ਪੀ.ਐਮ.ਐਸ.) ਤੇ ਵਪਾਰਕ ਮਾਈਨਿੰਗ ਸਾਈਟਾਂ (ਸੀ.ਐਮ.ਐਸ.) ਦੋਵਾਂ ਦੀ ਰੀਅਲ ਟਾਈਮ ਨਿਗਰਾਨੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਪਹਿਲ ਸੂਬੇ ਭਰ ਵਿੱਚ ਸਥਾਈ ਖਣਨ ਗਤੀਵਿਧੀਆਂ ਅਤੇ ਬਿਹਤਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਦੇ ਹੋਏ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ।

ਐਪ ਜਾਰੀ ਕਰਨ ਮੌਕੇ ਵਿਧਾਇਕ ਰਾਮਪੁਰਾ ਫੂਲ ਸ੍ਰੀ ਬਲਕਾਰ ਸਿੱਧੂ, ਖਣਨ ਤੇ ਭੂ-ਵਿਗਿਆਨ ਦੇ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਖਣਨ ਵਿਭਾਗ ਦੇ ਡਾਇਰੈਕਟਰ ਸ੍ਰੀ ਅਭਿਜੀਤ ਕਪਲਿਸ਼ ਅਤੇ ਖਣਨ ਵਿਭਾਗ ਦੇ ਚੀਫ਼ ਇੰਜਨੀਅਰ ਡਾ. ਹਰਿੰਦਰਪਾਲ ਸਿੰਘ ਬੇਦੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।