ਬਠਿੰਡਾ, 15 ਮਈ : ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਵੱਲੋਂ ਅਕਾਦਮਿਕ ਅਤੇ ਵਿਦਿਆਰਥੀ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਵਧੀਕ ਡਾਇਰੈਕਟਰ, ਤਕਨੀਕੀ ਸਿੱਖਿਆ ਪੰਜਾਬ, ਚੰਡੀਗੜ੍ਹ ਸ. ਮੋਹਨਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸੁਰੂਆਤ ਮੁੱਖ ਮਹਿਮਾਨ, ਪ੍ਰਿੰਸੀਪਲ, ਪ੍ਰਧਾਨ ਅਤੇ ਸਕੱਤਰ ਐਸ.ਆਰ.ਸੀ. ਅਤੇ ਮੁਖੀ ਵਿਭਾਗਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਸ. ਮੋਹਨਬੀਰ ਸਿੰਘ ਸਿੱਧੂ ਵੱਲੋਂ ਸੈਸ਼ਨ 2023-2024 ਦੌਰਾਨ ਕਲਾਸ ਅਤੇ ਸਟੇਟ ਬੋਰਡ ਵਿੱਚ ਮੈਰਿਟ ਪੋਜੀਸ਼ਨਾਂ ਹਾਸਲ ਕਰਨ ਵਾਲੇ ਅਤੇ ਵੱਖ-ਵੱਖ ਕਲੱਬ ਗਤੀਵਿਧੀਆਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੇ 139 ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜਿੰਦਗੀ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਤਕਨੀਕੀ ਹੁਨਰ ਦੇ ਨਾਲ-ਨਾਲ ਜਿੰਦਗੀ ਜਿਉਣ ਦਾ ਹੁਨਰ ਵੀ ਸਿਖਣ ਨੂੰ ਕਿਹਾ।
ਉਹਨਾਂ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਰਵਪੱਖੀ ਸਖ਼ਸੀਅਤ ਦਾ ਵਿਕਾਸ ਕਰਨ ਤੇ ਜੋਰ ਦਿੱਤਾ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਗਤੀਵਿਧੀਆਂ ਤੇ ਚਾਨਣਾਂ ਪਾਇਆ ਅਤੇ ਦੱਸਿਆ ਕਿ ਕਾਲਜ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਪ੍ਰਧਾਨ ਐਸ.ਆਰ.ਸੀ. ਵੱਲੋਂ ਦੱਸਿਆ ਗਿਆ ਕਿ ਕਾਲਜ ਵਿੱਚ 13 ਵੱਖੋਂ-ਵੱਖਰੇ ਕਲੱਬਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਕਲੱਬਾਂ ਰਾਹੀਂ ਵਿਦਿਆਰਥੀਆਂ ਦੇ ਮੁਕੰਮਲ ਵਿਕਾਸ ਲਈ ਹਰ ਹਫ਼ਤੇ ਤਕਨੀਕੀ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਮੰਚ ਦਾ ਸੰਚਾਲਨ ਸ੍ਰੀਮਤੀ ਨਵਰੀਤ ਕੌਰ ਗਰੇਵਾਲ ਅਤੇ ਸ੍ਰੀਮਤੀ ਰਵਨੀਤ ਕੌਰ ਲੈਕਚਰਾਰ ਵੱਲੋਂ ਕੀਤਾ ਗਿਆ। ਇਸ ਮੌਕੇ ਸਮੂਹ ਮੁਖੀ ਵਿਭਾਗ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਹ ਪ੍ਰੋਗਰਾਮ ਸ. ਸੁਖਵਿੰਦਰ ਪ੍ਰਤਾਪ ਰਾਣਾ, ਪ੍ਰਧਾਨ ਅਤੇ ਸ੍ਰੀਮਤੀ ਮੀਨਾ ਗਿੱਲ, ਸਕੱਤਰ ਐਸ.ਆਰ.ਸੀ. ਦੀ ਦੇਖ-ਰੇਖ ਹੇਠ ਨੇਪਰੇ ਚਾੜਿਆ।