ਅਮਨ ਅਰੋੜਾ ਵੱਲੋਂ ਸਨਅਤਕਾਰਾਂ ਨੂੰ ਗਰੀਨ ਊਰਜਾ ਦੇ ਖੇਤਰ ‘ਚ ਨਿਵੇਸ਼ ਦਾ ਸੱਦਾ

Politics Punjab

ਚੰਡੀਗੜ੍ਹ, 15 ਸਤੰਬਰ:

ਸਨਅਤਕਾਰਾਂ ਨੂੰ ਗੈਰ-ਰਵਾਇਤੀ ਅਤੇ ਗਰੀਨ ਊਰਜਾ ਦੇ ਖੇਤਰ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਗਰੀਨ ਊਰਜਾ ਦੇ ਖੇਤਰ ਵਿੱਚ ਪੰਜਾਬ ਵਿੱਚ ਮੌਜੂਦ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਇਸ ਸਾਫ਼-ਸੁਥਰੀ ਅਤੇ ਟਿਕਾਊ ਊਰਜਾ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਗਰੀਨ ਊਰਜਾ ਦੇ ਉਤਪਾਦਨ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ‘ਚੋਂ ਇੱਕ ਹੈ।

ਇੱਥੇ ਪਰੇਡ ਗਰਾਊਂਡ ਵਿਖੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅੱਜ ਕਰਵਾਏ ਗਏ ਰੀਜਨਲ ਐਨਰਜੀ ਟਰਾਂਜ਼ਿਸ਼ਨ ਐਂਡ ਸਸਟੇਨੇਬਿਲਟੀ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਨਵੇਂ ਉੱਦਮਾਂ (ਸਟਾਰਟਅੱਪਜ਼) ਨੂੰ ਇਸ ਪਹਿਲਕਦਮੀ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਾਇਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਸੌਰ ਊਰਜਾ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ
ਦੱਸਿਆ ਕਿ ਖੇਤੀਬਾੜੀ ਵਾਸਤੇ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਪਿੰਡ ਤਰਖਾਣਵਾਲਾ ਵਿੱਚ 4 ਮੈਗਾਵਾਟ ਦਾ ਸੋਲਰ ਪੀ.ਵੀ. ਪਲਾਂਟ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਇਸ ਪ੍ਰਾਜੈਕਟ ਨਾਲ ਸਲਾਨਾ ਲਗਭਗ 6.65 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪੇਡਾ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 12 ਮੈਗਾਵਾਟ ਦੀ ਸਮਰੱਥਾ ਵਾਲੇ ਤਿੰਨ ਹੋਰ ਸੋਲਰ ਪਾਵਰ ਪਲਾਂਟ (ਹਰੇਕ 4 ਮੈਗਾਵਾਟ) ਸਥਾਪਤ ਕੀਤੇ ਜਾਣਗੇ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਚਾਰ-ਚਾਰ ਮੈਗਾਵਾਟ ( ਕੁੱਲ 264 ਮੈਗਾਵਾਟ) ਸਮਰੱਥਾ ਦੇ 66 ਸੋਲਰ ਪਾਵਰ ਪਲਾਂਟ ਸਥਾਪਤ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ‘ਤੇ ਸਾਲਾਨਾ ਲਗਭਗ 390 ਮਿਲੀਅਨ ਯੂਨਿਟ (ਐਮ.ਯੂ.) ਬਿਜਲੀ ਪੈਦਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੇਡਾ ਨੇ ਸੂਬੇ ਭਰ ਵਿੱਚ 20,000 ਸੋਲਰ ਖੇਤੀ ਪੰਪ ਲਗਾਉਣ ਲਈ ਕਿਸਾਨਾਂ ਤੋਂ ਅਰਜ਼ੀਆਂ ਵੀ ਮੰਗੀਆਂ ਹਨ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਵਾਸਤੇ ਪੇਡਾ ਵੱਲੋਂ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰਾਜੈਕਟਾਂ, ਬਾਇਓਮਾਸ ਪਾਵਰ ਪ੍ਰੋਜੈਕਟਾਂ ਅਤੇ ਬਾਇਓ-ਈਥਾਨੌਲ ਪ੍ਰਾਜੈਕਟਾਂ ਵਿੱਚ ਪਰਾਲੀ ਦੀ ਵਰਤੋਂ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਗਰੀਨ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਗਰੀਨ ਹਾਈਡ੍ਰੋਜਨ ਨੀਤੀ ਦਾ ਖਰੜਾ ਵੀ ਤਿਆਰ ਕੀਤਾ ਗਿਆ ਹੈ।

ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਸੰਦੀਪ ਹਾਂਸ ਨੇ ਕਿਹਾ ਕਿ ਪੇਡਾ, ਗਰੀਨ ਊਰਜਾ ਦੇ ਖੇਤਰ ਵਾਸਤੇ ਨਵੀਨ ਵਿਚਾਰ ਲੈ ਕੇ ਆਉਣ ਵਾਲੇ ਉੱਦਮਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸੂਰਜੀ ਊਰਜਾ ਵਿੱਚ ਸਵੈ-ਨਿਰਭਰ ਬਣਨ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਰਾਜ ਚੈਪਟਰ ਦੇ ਚੇਅਰਮੈਨ ਆਰ.ਐਸ. ਸਚਦੇਵਾ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਟੀਚਾ ਸੂਰਜੀ ਊਰਜਾ ਦੀ ਵੱਧ ਰਹੀ ਮੰਗ ਅਤੇ ਸੋਲਰ ਤਕਨਾਲੋਜੀ ਵਿੱਚ ਤਰੱਕੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਸੀ.ਈ.ਓ ਅਤੇ ਸਕੱਤਰ ਜਨਰਲ ਡਾ. ਰਣਜੀਤ ਮਹਿਤਾ, ਸਟਾਰਟਅਪ ਐਂਡ ਐਂਟਰਪ੍ਰਿਨਿਓਰਸ਼ਿਪ ਫੋਰਮ ਕਮੇਟੀ, ਪੀ.ਐਚ.ਡੀ.ਸੀ.ਸੀ.ਆਈ. ਦੇ ਚੇਅਰਮੈਨ ਡਾ.ਜੇ.ਕੇ. ਸ਼ਰਮਾ ਅਤੇ ਕੋ-ਚੇਅਰਮੈਨ ਸੁਪ੍ਰੀਤ ਸਿੰਘ ਵੀ ਮੌਜੂਦ ਸਨ।