ਸਾਰੇ ਆਂਗਣਵਾੜੀ ਸੈਂਟਰਾਂ ਦੀ ਵੀ ਫੂਡ ਸੇਫਟੀ ਐਕਟ ਅਧੀਨ ਕਰਵਾਈ ਜਾਵੇ ਰਜਿਸਟ੍ਰੇਸ਼ਨ-ਏ.ਡੀ.ਸੀ. ਚਾਰੂ ਮਿਤਾ

Moga Politics Punjab

ਮੋਗਾ, 28 ਦਸੰਬਰ:
ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006  ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।  ਲੋਕਾਂ ਦੀ ਸਿਹਤ ਨੂੰ ਅੱਖੋਂ ਪਰੋਖੇ ਕਰਕੇ ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਸਖਤ ਕਾਰਵਾਈ ਕਰੇਗਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ਼੍ਰੀਮਤੀ ਚਾਰੂ ਮਿਤਾ ਵੱਲੋਂ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਫੂਡ ਸੇਫਟੀ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।
ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡੈਜੀਗਨੇਟਡ ਅਫ਼ਸਰ ਫੂਡ ਸੇਫਟੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਸਬੰਧੀ ਟ੍ਰੇਨਿੰਗ ਅਤੇ ਜਾਗਰੂਕਤਾ ਲਈ ਜੁਲਾਈ ਮਹੀਨੇ ਵਿੱਚ 3 ਕੈਂਪ ਲਗਾਏ ਗਏ ਹਨ। 68 ਲਾਇਸੰਸ ਅਤੇ 724 ਰਜਿਸਟ੍ਰੇਸ਼ਨਜ ਕੀਤੀਆਂ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਨੂੰ ਹਦਾਇਤ ਕੀਤੀ ਕਿ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਫੂਡ ਸੇਫਟੀ ਐਕਟ ਅਧੀਨ ਰਜਿਸਟ੍ਰੇਸ਼ਨ ਅਗਲੀ ਮਹੀਨਾਵਾਰ ਮੀਟਿੰਗ ਤੋਂ ਪਹਿਲਾਂ ਪਹਿਲਾਂ ਕਰਵਾ ਦਿੱਤੀਆਂ ਜਾਣ, ਕਿਉਂਕਿ ਇਸਨੂੰ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਹੋਟਲਾਂ, ਰੈਸਟੋਰੈਂਟਾਂ, ਮਠਿਆਈ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਫੂਡ ਸੇਫਟੀ ਲਾਇਸੰਸ ਜਿੰਨੀ ਜਲਦੀ ਹੋ ਸਕੇ ਅਪਲਾਈ ਕਰਨ, ਜੋ ਕਿ ਆਨਾਈਨ http://www.foscos.fssai.gov.in  ਉੱਪਰੋਂ ਅਪਲਾਈ ਹੋ ਸਕਦਾ ਹੈ ਅਤੇ ਇਸਨੂੰ ਸਮੇਂ ਸਿਰ ਰੀਨਿਊ ਵੀ ਕਰਵਾਇਆ ਜਾਵੇ। ਫੂਡ ਸੇਫਟੀ ਲਾਇਸੰਸ ਨੂੰ ਆਪਣੇ ਕਾਊਂਟਰ ਉੱਪਰ ਲਗਾ ਕੇ ਰੱਖਿਆ ਜਾਵੇ। ਉਨ੍ਹਾਂ ਫੂਡ ਸੇਫਟੀ ਲਾਇਸੰਸ ਧਾਰਕ ਦੁਕਾਨਦਾਰਾਂ ਨੂੰ ਦੱਸਿਆ ਕਿ ਉਹ ਆਪਣੀ ਸਲਾਨਾ ਫੂਡ ਸੇਫਟੀ ਰਿਟਰਨ ਨੂੰ ਸਮੇਂ ਸਿਰ ਭਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਪੈਕਿੰਗ ਕਰਨ, ਮਾਲ ਤਿਆਰ ਕਰਨ ਵਾਲੀਆਂ ਫਰਮਾਂ ਨੂੰ ਵੀ ਆਦੇਸ਼ ਜਾਰੀ ਕੀਤੇ ਕਿ ਉਹ ਆਪਣੇ ਉਤਪਾਦਾਂ ਦੀ ਟੈਸਟ ਰਿਪੋਰਟ ਕਰਵਾ ਕੇ ਫੂਡ ਸੇਫਟੀ ਦੀ ਵੈਬਸਾਈਟ ਉੱਪਰ ਅਪਲੋਡ ਕਰਨੀ ਯਕੀਨੀ ਬਣਾਉਣ।