ਫਾਜ਼ਿਲਕਾ 12 ਜੂਨ
ਫਾਜ਼ਿਲਕਾ ਜ਼ਿਲ੍ਹੇ ਵਿੱਚ ਨਰਮੇ ਦੀ ਕਾਸਤ ਨੂੰ ਮੁੜ ਪ੍ਰਫੁੱਲਤ ਕਰਨ ਅਤੇ ਫਸਲ ਤੇ ਗੁਲਾਬੀ ਸੂੰਡੀ ਦੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਣ ਲਈ ਜ਼ਿਲ੍ਹੇ ਦੇ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਨੇ ਕਮਰ ਕਸ ਲਈ ਹੈ । ਖੇਤੀਬਾੜੀ ਵਿਭਾਗ ਨੇ ਗੁਲਾਬੀ ਸੂੰਡੀ ਦੀ ਸਿਰੀ ਨੱਪਣ ਲਈ ਜ਼ਿਲ੍ਹੇ ਵਿੱਚ 43 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ ਸਵਾ ਲੱਖ ਏਕੜ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ ਅਤੇ ਪਿਛਲੀ ਵਾਰ ਦੇ ਤਜਰਬੇ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਵੱਲੋਂ ਨਰਮੇ ਤੇ ਗੁਲਾਬੀ ਸੂੰਡੀ ਦੇ ਸੰਭਾਵਿਤ ਖਤਰੇ ਨੂੰ ਟਾਲਣ ਲਈ ਹੁਣੇ ਤੋਂ ਹੀ ਵਿਉਂਤਬੰਦੀ ਆਰੰਭ ਕਰ ਦਿੱਤੀ ਗਈ ਹੈ। ਉਨਾਂ ਨੇ ਕਿਹਾ ਕਿ 38 ਸਰਕਲ ਲੈਵਲ ਤੇ ਸਰਵੀਲੈਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਦਕਿ ਚਾਰ ਟੀਮਾਂ ਬਲਾਕ ਪੱਧਰ ਤੇ ਅਤੇ ਇੱਕ ਟੀਮ ਜ਼ਿਲ੍ਹਾ ਹੈਡ ਕੁਆਰਟਰ ਪੱਧਰ ਤੇ ਗਠਿਤ ਕੀਤੀ ਗਈ ਹੈ। ਇਹ ਟੀਮਾਂ ਹਰ ਹਫਤੇ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਖੇਤਾਂ ਵਿੱਚ ਜਾ ਕੇ ਨਰਮੇ ਦੀ ਫਸਲ ਦਾ ਮੁਆਇਨਾ ਕਰਨਗੀਆਂ ਅਤੇ ਜੇਕਰ ਕਿਤੇ ਗੁਲਾਬੀ ਸੂੰਡੀ ਦੀ ਆਵਕ ਦੇ ਸੰਕੇਤ ਮਿਲਣਗੇ ਤਾਂ ਤੁਰੰਤ ਉਸ ਅਨੁਸਾਰ ਕਿਸਾਨਾਂ ਨੂੰ ਸਲਾਹਕਾਰੀ ਜਾਰੀ ਕਰਕੇ ਉਸ ਹਮਲੇ ਨੂੰ ਮੁੱਢਲੇ ਪੱਧਰ ਤੇ ਹੀ ਰੋਕਿਆ ਜਾਵੇਗਾ।
ਉਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਦਾ ਨਿਯਮਿਤ ਤੌਰ ਤੇ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਤਕਨੀਕੀ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਆਪਣੇ ਬਲਾਕ ਖੇਤੀਬਾੜੀ ਦਫਤਰਾਂ ਨਾਲ ਰਾਬਤਾ ਕਰਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸਾਨ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀਆਂ ਸਿਫਾਰਸਾਂ ਅਨੁਸਾਰ ਹੀ ਨਰਮੇ ਦੀ ਖੇਤੀ ਦੀ ਸਾਂਭ ਸੰਭਾਲ ਕਰਨ ਅਤੇ ਕਿਸੇ ਕੰਪਨੀਆਂ ਵਾਲਿਆਂ ਦੇ ਆਖੇ ਲੱਗ ਕੇ ਨਰਮੇ ਦੀ ਫਸਲ ਤੇ ਕੋਈ ਵੀ ਦਵਾਈ ਜਾਂ ਖਾਦ ਦੀ ਵਰਤੋਂ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਖਾਦਾਂ ਅਤੇ ਕੀਟਨਾਸਕਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਕਿਸਾਨ ਦੇ ਖਰਚੇ ਘੱਟਦੇ ਹਨ ਅਤੇ ਨਾਲ ਹੀ ਇਸ ਨਾਲ ਵਾਤਾਵਰਨ ਦਾ ਵੀ ਨੁਕਸਾਨ ਨਹੀਂ ਹੁੰਦਾ ਹੈ।
ਗੁਲਾਬੀ ਸੁੰਡੀ ਦੀ ਸਿਰੀ ਨੱਪਣ ਲਈ ਖੇਤੀਬਾੜੀ ਮਹਿਕਮਾ ਅਤੇ ਕਿਸਾਨ ਤਿਆਰ


