ਹੁਸ਼ਿਆਰਪੁਰ, 4 ਅਪ੍ਰੈਲ: ਖੇਤੀ ਭਵਨ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਹੁਸ਼ਿਆਰਪੁਰ-2 ਦੇ ਖਾਦ, ਬੀਜ ਅਤੇ ਕੀੜੇਮਾਰ ਜ਼ਹਿਰਾਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਡੀਲਰਾਂ ਨੂੰ ਜਾਣੂ ਕਰਵਾਇਆ ਗਿਆ।
ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਡੀਲਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਤੋਂ ਸਿਰਫ਼ ਮਿਆਰੀ ਖਾਦ, ਬੀਜ ਅਤੇ ਦਵਾਈ ਦੀ ਹੀ ਵਿਕਰੀ ਕਰਨੀ ਯਕੀਨੀ ਬਣਾਉਣ। ਕਿਸਾਨਾਂ ਨੂੰ ਵਿਕਰੀ ਕੀਤੇ ਖਾਦ, ਬੀਜ ਅਤੇ ਦਵਾਈ ਦਾ ਪੱਕਾ ਬਿੱਲ ਨਿਰਧਾਰਿਤ ਪ੍ਰਫਾਰਮੇ ਅਨੁਸਾਰ ਦੇਣਾ ਯਕੀਨੀ ਬਣਾਉਣ।ਉਨ੍ਹਾਂ ਹਦਾਇਤ ਕੀਤੀ ਕਿ ਸੇਲ ਪੁਆਇੰਟ ‘ਤੇ ਸਟਾਕ ਡਿਸਪਲੇਅ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿੱਚ ਹਾਜ਼ਰ ਬਲਾਕ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ-2 ਦੀਪਕ ਪੁਰੀ ਨੇ ਸਮੂਹ ਡੀਲਰਾਂ ਨੂੰ ਕਿਸਾਨੀ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਹਦਾਇਤ ਕੀਤੀ ਕਿ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਦਾ ਹੀ ਬੀਜ ਵੇਚਿਆ ਜਾਵੇ ਅਤੇ ਗ਼ੈਰ-ਪ੍ਰਮਾਣਿਤ ਕਿਸਮਾਂ ਦੀ ਵਿਕਰੀ ਨਾ ਕੀਤੀ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਝੋਨੇ ਦੀਆਂ ਹਾਇਬਰਿਡ ਕਿਸਮਾਂ ਦੀ ਵਿਕਰੀ ਤੋਂ ਵੀ ਗੁਰੇਜ਼ ਕੀਤਾ ਜਾਵੇ। ਇਸ ਮੌਕੇ ‘ਤੇ ਹਾਜ਼ਰ ਖੇਤੀਬਾੜੀ ਵਿਕਾਸ ਅਫ਼ਸਰ ਧਰਮਵੀਰ ਸ਼ਾਰਦ ਨੇ ਡੀਲਰਾਂ ਨੂੰ ਸਾਥੀ ਪੋਰਟਲ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਵਿੱਚ ਅਡੀਸ਼ਨ ਕਰਵਾਏ ਬਗ਼ੈਰ ਕਿਸੇ ਵੀ ਖਾਦ, ਬੀਜ ਜਾਂ ਦਵਾਈ ਦੀ ਵਿਕਰੀ ਨਾ ਕਰਨ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਖੇਤੀਬਾੜੀ ਇਨਪੁੱਟ ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੋਂ ਕਰਵਾਈਆ ਜਾਣੂ


