ਫਰੀਦਕੋਟ, 17 ਜੁਲਾਈ ( ) ਕਿਸਾਨਾਂ ਦੀਆਂ ਫਸਲਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਨਿਵੇਕਲੀ ਪਹਿਲ ਕਦਮੀ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਕੋਟਕਪੂਰਾ ਦੇ ਪਿੰਡ ਸਿਰਸੜੀ ਵਿੱਚ ਕਿਸਾਨ ਮਿਲਣੀ ਕਰਵਾਈ , ਜਿਸ ਵਿਚ ਕਿਸਾਨਾਂ ਵਲੋਂ ਬਾਸਮਤੀ ਦੇ ਪੈਰਾਂ ਦੇ ਗਲਣ ਦੇ ਰੋਗ ਅਤੇ ਮੂੰਗੀ ਦੇ ਪੀਲੇ ਜੀਵਾਣੂ ਨਾਲ ਪ੍ਰਭਾਵਿਤ ਫ਼ਸਲ ਦੇ ਇਲਾਜ ਲਈ ਮੌਕੇ ਤੇ ਉਚਿਤ ਸਿਫਾਰਸ਼ਾਂ ਦਿੱਤੀਆਂ ਗਈਆਂ।ਇਸ ਕਿਸਾਨ ਮਿਲਣੀ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ । ਇਸ ਮੌਕੇ ਤੇ ਡਾ ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫਰ,ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਡਾ. ਗੁਰਿੰਦਰਪਾਲ ਸਿੰਘ, ਡਾ. ਅਮਨ ਕੇਸ਼ਵ, ਡਾ.ਨਿਸ਼ਾਨ ਸਿੰਘ,ਸ੍ਰੀ ਸ਼ੁਭਮ ਜ਼ਿਲਾ ਪ੍ਰਬੰਧਕ ਇਫ਼ਕੋ ਸਿੰਘ, ਨਿਰਭੈਅ ਸਿੰਘ,ਜੈਲਦਾਰ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਪੰਜਾਬ ਸ੍ਰ ਗੁਰਮੀਤ ਸਿੰਘ ਖੁੱਡੀਆਂ ਵਲੋਂ ਕਿਸਾਨਾਂ ਦੀਆਂ ਫਸਲਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਪਿੰਡਾਂ ਵਿਚ ਕਿਸਾਨ ਮਿਲਣੀਆਂ ਕਰਵਾਉਣ ਦੇ ਦਿੱਤੇ ਆਦੇਸ਼ਾਂ ਤਹਿਤ ਜ਼ਿਲਾ ਫ਼ਰੀਦਕੋਟ ਵਿੱਚ ਹਫਤੇ ਦੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਪਿੰਡਾਂ ਵਿਚ ਸਾਂਝੀਆਂ ਥਾਵਾਂ ਤੇ ਕਿਸਾਨ ਮਿਲਣੀਆਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਆਮ ਦੇਖਣ ਵਿਚ ਆਇਆ ਹੈ ਕਿ ਕਿਸਾਨਾਂ ਵੱਲੋਂ ਫ਼ਸਲਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਗੁਆਂਢੀ ਜਾਂ ਕੀਟ ਨਾਸ਼ਕ ਵਿਕ੍ਰੇਤਾਵਾਂ ਦੇ ਕਹਿਣ ਤੇ ਕੀਟਨਾਸ਼ਕ ਜਾਂ ਉੱਲੀਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕਈ ਵਾਰ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ ਸੋ ਇਸ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਅਧਿਕਾਰੀ ਹਰ ਹਫਤੇ ਪਿੰਡਾਂ ਵਿਚ ਸਾਂਝੀਆਂ ਥਾਵਾਂ ਤੇ ਬੈਠ ਕੇ ਕਿਸਾਨਾਂ ਨਾਲ ਕਿਸਾਨ ਮਿਲਣੀਆਂ ਕਰਿਆ ਕਰਨਗੇ।
ਕਿਸਾਨ ਮਿਲਣੀ ਵਿਚ ਕਿਸਾਨਾਂ ਵੱਲੋਂ ਮੁੱਖ ਤੌਰ ਤੇ ਬਾਸਮਤੀ ਦੀ ਫਸਲ ਵਿੱਚ ਝੰਡਾ ਰੋਗ ਦੀ ਸਮੱਸਿਆ ਬਾਰੇ ਦੱਸਿਆ ਗਿਆ ਜਿਸ ਦੇ ਹੱਲ ਲਈ ਆਈ.ਪੀ.ਐਲ. ਬਾਇਓਲਾਜੀਕਲ ਕੰਪਨੀ ਵੱਲੋਂ ਤਿਆਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੇ ਬਾਇਓਕੰਟਰੋਲ ਏਜੰਟ ਨਾਲ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ ਸੋਧਣ ਬਾਰੇ ਦੱਸਿਆ ਗਿਆ ਅਤੇ ਇਹ ਵੀ ਦਸਿਆ ਗਿਆ ਕਿ ਜੇਕਰ ਬਾਸਮਤੀ ਦੀ ਲਵਾਈ ਉਪਰੰਤ ਝੰਡਾ ਰੋਗ ਆਇਆ ਹੈ ਤਾਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿੱਤੇ ਜਾਣ ਅਤੇ ਕਿਸੇ ਦੇ ਕਹਿਣ ਤੇ ਕੋਈ ਦਵਾਈ ਦੀ ਵਰਤੋਂ ਨਾ ਕਰਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਕੋਈ ਵੀ ਕਿਸਾਨ ਆਪਣੀ ਫਸਲ ਨਾਲ ਸਬੰਧੰਤ ਸਮੱਸਿਆ ਲੈ ਕੇ ਆ ਸਕਦਾ ਹੈ।
ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਫਸਲ ਜਿਵੇਂ ਨਰਮਾਂ, ਝੋਨਾ, ਬਾਸਮਤੀ, ਮੱਕੀ ਜਾਂ ਦਾਲਾਂ ਵਿੱਚ ਕਿਸੇ ਵੀ ਕੀੜੇ, ਬਿਮਾਰੀ ਜਾਂ ਖੁਰਾਕੀ ਤੱਤ ਦੀ ਘਾਟ ਦਿਸਦੀ ਹੈ ਤਾਂ ਉਹ ਬੂਟਾ ਜੜ੍ਹਾਂ ਸਮੇਤ ਇਸ ਕੈਂਪ ਵਿੱਚ ਦਿਖਾ ਸਕਦਾ ਹੈ, ਜਿਸ ਦਾ ਮੌਕੇ ਤੇ ਕਾਰਨ ਪਤਾ ਲਗਾ ਕੇ ਸਹੀ ਕੀਟਨਾਸ਼ਕ ਜਾਂ ਉੱਲੀਨਾਸ਼ਕ ਜਾਂ ਖੁਰਾਕੀ ਤੱਤ ਦੀ ਸਿਫਾਰਸ਼ ਕੀਤੀ ਜਾਵੇਗੀ।
ਡਾ.ਕੁਲਵੰਤ ਸਿੰਘ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਯੂਰੀਆ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਕਿਉਂਕਿ ਵਧੇਰੇ ਯੂਰੀਆ ਦੀ ਵਰਤੋਂ ਨਾਲ ਫ਼ਸਲਾਂ ਉੱਪਰ ਕੀੜੇ ਵਧੇਰੇ ਹਮਲਾ ਕਰਦੇ ਹਨ। ਡਾ.ਗੁਰਪ੍ਰੀਤ ਸਿੰਘ ਨੇ ਮਿਆਰੀ ਬਾਸਮਤੀ ਪੈਦਾ ਕਰਨ ਲਈ ਪਾਬੰਧੀ ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਡਾ.ਗੁਰਿੰਦਰਪਾਲ ਸਿੰਘ ਅਤੇ ਡਾ. ਨਿਸ਼ਾਨ ਸਿੰਘ ਨੇ ਵੱਖ-ਵੱਖ ਫਸਲਾਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਇਲਾਜ ਬਾਰੇ ਜਾਣੂ ਕਰਵਾਇਆ।