ਫਰੀਦਕੋਟ :7 ਅਪ੍ਰੈਲ 2024 ( ) ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਝੋਨੇ ਦੀ ਲਵਾਈ ਤੋਂ ਪਹਿਲਾਂ ਗਰਮੀ ਦੀ ਮੂੰਗੀ /ਮਾਂਹ ਦੀ ਕਾਸ਼ਤ ਕਰ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ l ਪਿੰਡ ਭਾਗਥਲਾ ਵਿੱਚ ਕਿਸਾਨ ਗੁਰਜੋਤ ਸਿੰਘ ਵਲੋਂ ਕਾਸ਼ਤ ਕੀਤੀ ਮੂੰਗੀ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੌਜੂਦਾ ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾਂ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਸਾਲ 2023 -24 ਦੌਰਾਨ ਤਕਰੀਬਨ 300 ਹੈਕ. ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਸੀ ਅਤੇ ਚਾਲੂ ਸੀਜ਼ਨ ਦੌਰਾਨ ਅੰਦਾਜ਼ਨ 450 ਹੈਕਟਰ ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਜਾਵੇਗੀ l ਉਨ੍ਹਾਂ ਕਿਹਾਂ ਕਿ ਗਰਮੀ ਰੁੱਤ ਵਿੱਚ ਮਾਂਹ ਅਤੇ ਮੂੰਗੀ ਦੀ ਦਾਲਾਂ ਦੀ ਕਾਸ਼ਤ ਨਾਲ ਜਿਥੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ, ਉਥੇ ਝੋਨੇ ਅਤੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਵਾਧੂ ਆਮਦਨ ਮਿਲ ਜਾਂਦੀ ਹੈ l
ਉਨ੍ਹਾਂ ਕਿਹਾ ਕਿ ਗਰਮ ਰੁੱਤ ਦੀਆਂ ਦਾਲਾਂ ਮੂੰਗੀ ਅਤੇ ਮਾਂਹ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਹੋਣ ਕਾਰਨ, ਇਹ ਦੋਨੋ ਫਸਲਾਂ ਝੋਨਾ-ਕਣਕ ਫਸਲੀ ਚੱਕਰ ਵਿਚ ਖਾਸ ਮਹੱਤਤਾ ਰੱਖਦੀਆਂ ਹਨ।
ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋੋਂ ਮੂੰਗੀ ਦੀ ਕਿਸਮ ਐੱਸ ਐੱਮ ਐੱਲ 1827 ਗਰਮ ਰੁੱਤ ਵਿਚ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ ਜੋ ਤਕਰੀਬਨ 62 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮੂੰਗੀ ਦੀ ਫਸਲ ਦੇ ਬੂਟੇ ਖੜਵੇਂ ਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਅਤੇ ਇਸ ਨੂੰ ਫਲੀਆਂ ਗੁੱਛਿਆਂ ਵਿਚ ਲਗਦੀਆਂ ਹਨ।ਉਨ੍ਹਾਂ ਕਿਹਾ ਕਿ ਇਹ ਕਿਸਮ ਪੀਲਾ ਚਿਤਕਬਰੇ ਦੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ| ਇਸ ਕਿਸਮ ਦਾ ਔਸਤ ਝਾੜ 5 -6 ਕੁਇੰਟਲ ਪ੍ਰਤੀ ਏਕੜ ਹੈ। ਉਨ੍ਹਾਂ ਕਿਹਾਂ ਕਿ ਮੂੰਗੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਬਿਜਾਈ ਜ਼ੀਰੋ ਡਰਿੱਲ, ਸੁਪਰ ਸੀਡਰ ਜਾਂ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈl
ਉਨ੍ਹਾਂ ਕਿਹਾ ਕਿ ਐੱਸ ਐੱਮ ਐੱਲ 1827 ਦਾ ਬੀਜ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਵਿਚ ਸਥਿਤ ਪਨਸੀਡ,ਕ੍ਰਿਸ਼ੀ ਵਿਗਿਆਨ ਕੇਦਰਾਂ, ਫਾਰਮ ਸਲਾਹਕਾਰ ਕੇਦਰਾਂ, ਖੋਜ ਕੇਦਰਾਂ ਅਤੇ ਯੂਨੀਵਰਸਿਟੀ ਸੀਡ ਫਾਰਮਾਂ ਤੇ ਉਪਲੱਬਧ ਹੈ l ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਉਪ ਨਿਰੀਖਕ, ਕਿਸਾਨ ਮਿੱਤਰ ਗੁਰਜੋਤ ਸਿੰਘ ਮੌਜੂਦ ਸਨ l