ਬਰਨਾਲਾ, 7 ਮਾਰਚ
ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਉੱਪਲੀ ਵਿੱਚ ਨਵੇਂ ਮੋਘੇ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਵੇਂ ਮੋਘੇ ਨਾਲ ਪਿੰਡ ਉੱਪਲੀ ਨੇੜਲੇ ਕਰੀਬ ਸਵਾ ਸੌ ਏਕੜ ਰਕਬੇ ਨੂੰ ਪਹਿਲੀ ਵਾਰੀ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਭੂਰੇ ਅਤੇ ਹਰੀਗੜ੍ਹ ਵਿੱਚ ਨਵਾਂ ਮੋਘਾ ਲਾਇਆ ਗਿਆ ਸੀ ਜਿਸ ਨਾਲ ਸੈਂਕੜੇ ਏਕੜ ਰਕਬੇ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਹਿਰੀ ਪਾਣੀ ਖੇਤ ਖੇਤ ਪੁੱਜਦਾ ਕਰਨ ਲਈ ਪਹਿਲੀ ਵਾਰ ਕਿਸੇ ਸਰਕਾਰ ਨੇ ਇੰਨੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦਾ ਸੈਂਕੜੇ ਏਕੜ ਰਕਬਾ ਅਜਿਹਾ ਹੈ ਜਿੱਥੇ ਪਿਛਲੇ ਤਿੰਨ ਸਾਲਾਂ ਦੌਰਾਨ ਪਹਿਲੀ ਵਾਰੀ ਨਹਿਰੀ ਪਾਣੀ ਪੁੱਜਿਆ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਪੁੱਜੇਗਾ।
ਉਨ੍ਹਾਂ ਇਲਾਕੇ ਦੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 300 ਕਰੋੜ ਰੁਪਏ ਜਲ ਸਰੋਤ ਮਹਿਕਮੇ ਨੂੰ ਜਾਰੀ ਕੀਤੇ ਜਿਸ ਤਹਿਤ ਜਿੱਥੇ ਖਾਲ/ਕੱਸੀਆਂ ਦਾ ਕੰਮ ਹੋਇਆ, ਜ਼ਮੀਨਦੋਜ਼ ਪਾਈਪਾਂ ਲੱਗੀਆਂ ਅਤੇ ਨਵੇਂ ਮੋਘੇ ਲਾਏ ਗਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰ ਆਉਣ ਮਗਰੋਂ ਪਹਿਲੀ ਵਾਰ ਟੇਲਾਂ ‘ਤੇ ਪਾਣੀ ਪੁੱਜਿਆ ਤੇ ਉਨ੍ਹਾਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਲੋੜ ਨਹੀਂ ਪਈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਉਂਦੇ ਸਮੇਂ ਵੀ ਨਹਿਰੀ ਪ੍ਰੋਜੈਕਟ ਲਿਆਂਦੇ ਜਾਣਗੇ ਤਾਂ ਜੋ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਨਿਯੁਕਤ ਪਰਮਿੰਦਰ ਸਿੰਘ ਭੰਗੂ, ਸ. ਹਰਿੰਦਰ ਸਿੰਘ ਧਾਲੀਵਾਲ, ਪਿੰਡ ਦੇ ਪੰਚਾਇਤੀ ਮੈਂਬਰ, ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।