ਲੁਧਿਆਣਾ, 18 ਅਪ੍ਰੈਲ (000) – ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਉਣ ਅਤੇ ਵਿਸ਼ੇਸ਼ ਤੌਰ ‘ਤੇ ਦਿਵਿਆਂਗਜਨਾਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਪਹਿਲਕਦਮੀ ਤਹਿਤ ਬੋਲਣ ਅਤੇ ਸੁਣਨ ਤੋਂ ਅਸਮਰੱਥ ਵੋਟਰਾਂ ਲਈ ਇੱਕ ਵੀਡੀਓ ਹੈਲਪਲਾਈਨ ਨੰਬਰ 83605-83697 ਸ਼ੁਰੂ ਕੀਤਾ।
ਬੋਲਣ ਅਤੇ ਸੁਣਨ ਤੋਂ ਅਸਮਰੱਥ ਵੋਟਰ ਇਸ ਨੰਬਰ ‘ਤੇ ਵੀਡੀਓ ਕਾਲ ਕਰ ਸਕਦੇ ਹਨ ਅਤੇ ਸੰਕੇਤਿਕ ਭਾਸ਼ਾ ਮਾਹਰ ਤੋਂ ਚੋਣ/ਵੋਟਿੰਗ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਹ ਚੋਣਾਂ, ਵੋਟਿੰਗ ਜਾਂ ਸ਼ਿਕਾਇਤਾਂ ਦਾਇਰ ਕਰਨ ਬਾਰੇ ਆਪਣੇ ਸਵਾਲਾਂ ਨੂੰ ਸਪੱਸ਼ਟ ਕਰਨ ਲਈ ਮਾਹਰ ਨਾਲ ਗੱਲਬਾਤ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਆਪਣੇ ਦਫ਼ਤਰ ਤੋਂ ਹੈਲਪਲਾਈਨ ਨੰਬਰ ਸ਼ੁਰੂ ਕਰਦਿਆਂ ਕਿਹਾ ਕਿ ਇਹ ਸਹੂਲਤ ਉਨ੍ਹਾਂ ਵਿਅਕਤੀਆਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ ਜੋ ਸੁਣ ਅਤੇ ਬੋਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਵੋਟਰ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ 1 ਜੂਨ ਨੂੰ ਵੋਟਾਂ ਵਾਲੇ ਦਿਨ ਆਪਣੀ ਹਾਜ਼ਰੀ ਲਗਵਾ ਕੇ ਲੋਕਤੰਤਰ ਦੇ ਤਿਉਹਾਰ ਵਿੱਚ ਸਰਗਰਮ ਹਿੱਸੇਦਾਰ ਬਣਨਾ ਚਾਹੀਦਾ ਹੈ। ਲੁਧਿਆਣਾ ਜ਼ਿਲ੍ਹੇ ਦੀ ਵੋਟਰ ਸੂਚੀ ਵਿੱਚ 843 ਦੇ ਕਰੀਬ ਬੋਲਣ ਅਤੇ ਸੁਣਨ ਤੋਂ ਅਸਮਰੱਥ ਵੋਟਰ ਹਨ।
ਸੰਕੇਤਿਕ ਭਾਸ਼ਾ ਮਾਹਿਰ, ਸੰਤੋਸ਼ ਰਾਣੀ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨਾਲ ਕੰਮ ਕਰ ਰਹੀ ਹੈ, ਵੋਟਰਾਂ ਨੂੰ ਉਨ੍ਹਾਂ ਦੇ ਸਵਾਲਾਂ ਨੂੰ ਸਪੱਸ਼ਟ ਕਰਨ ਲਈ ਮਾਹਿਰਾਂ ਨਾਲ ਗੱਲਬਾਤ ਕਰਨ ਵਿੱਚ ਮਦਦ ਕਰੇਗੀ।
ਸੰਕੇਤਿਕ ਭਾਸ਼ਾ ਦੇ ਮਾਹਿਰ ਦੀ ਮਦਦ ਨਾਲ ਜ਼ਿਲ੍ਹਾ ਚੋਣ ਅਫ਼ਸਰ ਨੇ ਸੁਣਨ ਤੋਂ ਕਮਜ਼ੋਰ ਵੋਟਰ ਦਵਿੰਦਰ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ।
ਹੈਲਪਲਾਈਨ ਦੀ ਸ਼ੁਰੂਆਤ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਹੋਰ ਵੀ ਹਾਜ਼ਰ ਸਨ।