ਸ੍ਰੀ ਅਨੰਦਪੁਰ ਸਾਹਿਬ 22 ਫਰਵਰੀ ()
ਹੋਲਾ ਮਹੱਲਾ 2025 ਲਈ ਪ੍ਰਸਾਸ਼ਨ ਪੂਰੀਆਂ ਤਿਆਰੀਆਂ ਕਰਨ ਵਿਚ ਜੁੱਟ ਗਿਆ ਹੈ। ਸਾਰੇ ਵਿਭਾਗਾ ਦੇ ਅਧਿਕਾਰੀ ਪੱਬਾ ਭਾਰ ਹੋ ਗਏ ਹਨ। ਸ਼੍ਰੀ ਹਿਮਾਸ਼ੂ ਜ਼ੈਨ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹੋਲਾ ਮਹੱਲਾ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਚੁਸਤ ਦਰੁਸਤ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ ਲਗਾਤਾਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ। ਮੇਲਾ ਅਫਸਰ ਜਸਪ੍ਰੀਤ ਸਿੰਘ ਵੱਲੋਂ ਲਗਾਤਾਰ ਮੇਲਾ ਖੇਤਰ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਅਨਮਜੋਤ ਕੌਰ ਪੀ.ਸੀ.ਐਸ ਮੇਲਾ ਖੇਤਰ ਵਿੱਚ ਐਲ.ਈ.ਡੀ ਸਕਰੀਨ, ਹੈਲਪ ਡੈਸਕ, ਖੋਇਆ ਪਾਇਆ ਵਰਗੇ ਪ੍ਰਬੰਧਾਂ ਦੀ ਨਿਗਰਾਨੀ ਲਈ ਤਿਆਰੀਆਂ ਕਰ ਰਹੇ ਹਨ।
ਹੋਲਾ ਮਹੱਲਾ ਤਿਉਹਾਰ ਕੀਰਤਪੁਰ ਸਾਹਿਬ ਵਿੱਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 13 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਲੱਖਾਂ ਸੰਗਤਾਂ ਹੋਲਾ ਮਹੱਲਾ ਮੌਕੇ ਇੱਥੇ ਪੁੱਜਦੀਆਂ ਹਨ। ਗੁਰਧਾਮਾਂ ਦੇ ਦਰਸ਼ਨਾਂ ਤੋ ਇਲਾਵਾ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਜੀ ਤੇ ਗੁਰੂ ਕਾ ਲਾਹੋਰ ਹਿਮਾਚਲ ਪ੍ਰਦੇਸ਼ ਸਮੇਤ ਹੋਰ ਧਾਰਮਿਕ ਅਸਥਾਨਾਂ ਲਈ ਵੀ ਵੱਡੀ ਗਿਣਤੀ ਸੰਗਤਾਂ ਆਉਦੀਆਂ ਹਨ। ਲੱਖਾਂ ਸ਼ਰਧਾਲੂਆਂ ਦੇ ਠਹਿਰਾਂਓ, ਪੀਣ ਵਾਲਾ ਪਾਣੀ, ਸਫਾਈ, ਪਖਾਨੇ, ਟਰੈਫਿਕ ਮੈਨੇਜਮੈਂਟ, ਨਿਰਵਿਘਨ ਬਿਜਲੀ ਸਪਲਾਈ, ਸਿਹਤ ਸਹੂਲਤਾਂ, ਪਸ਼ੂ ਡਿਸਪੈਂਸਰੀਆਂ, ਖਾਣ ਪੀਣ ਦੀਆਂ ਵਸਤਾਂ ਦੀ ਮਿਆਰ, ਲੰਗਰਾਂ ਦੇ ਪ੍ਰਬੰਧ, ਪੈਟਰੋਲੀਅਮ ਵਸਤਾਂ ਤੇ ਰਸਦ ਦੀ ਉਪਲੱਬਧਤਾਂ ਵਰਗੇ ਬਹੁਤ ਸਾਰੇ ਕੰਮ ਵੱਖ ਵੱਖ ਵਿਭਾਗਾਂ ਦੀ ਨਿਗਰਾਨੀ ਵਿੱਚ ਚੱਲ ਰਹੇ ਹਨ, ਜਿਸ ਦੇ ਲਈ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ।
ਹੋਲਾ ਮਹੱਲਾ ਮੌਕੇ ਐਡਵੈਂਚਰ ਸਪੋਰਟਸ, ਖੇਡ ਮੁਕਾਬਲੇ, ਸਰਕਾਰ ਦੀ ਪ੍ਰਗਤੀ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ, ਕਰਾਫਟ ਮੇਲਾ, ਵਿਰਾਸਤੀ ਖੇਡਾਂ, ਦਸਤਾਰ ਬੰਦੀ ਮੁਕਾਬਲੇ ਅਤੇ ਹੋਲਾ ਮਹੱਲਾ ਦੇ ਮਹੱਤਵ ਤੇ ਇਤਿਹਾਸ ਨੂੰ ਦਰਸਾਉਦਾ ਪ੍ਰਸਾਰਨ ਐਲ.ਈ.ਡੀ ਸਕਰੀਨਾ ਤੇ ਕਰਨ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਮੇਲਾ ਖੇਤਰ ਦੀ ਮੁਕੰਮਲ ਸਫਾਈ, ਕੂੜਾ ਪ੍ਰਬੰਧਨ, ਫੋਗਿੰਗ, ਪਾਣੀ ਦਾ ਛਿੜਕਾਓ, ਲਈ ਵੀ ਨਗਰ ਕੋਂਸਲ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਲਈ ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਵੱਲੋਂ ਸਮੁੱਚੇ ਮੇਲਾ ਖੇਤਰ ਨੂੰ ਅੱਠ ਸੈਕਟਰਾਂ ਵਿਚ ਵੰਡਿਆ ਹੈ। ਹਜ਼ਾਰਾ ਵਾਹਨਾਂ ਲਈ ਢੁਕਵੀਆਂ ਥਾਵਾਂ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਕਾਰਜਕਾਰੀ ਇੰ.ਵਿਵੇਕ ਦੁਰੇਜਾ ਪਾਰਕਿੰਗ ਦੇ ਪ੍ਰਬੰਧਾਂ ਨੂੰ ਆਪਣੀ ਨਿਗਰਾਨੀ ਵਿਚ ਕਰਵਾ ਰਹੇ ਹਨ। ਇਨ੍ਹਾਂ ਪਾਰਕਿੰਗ ਵਾਲੀਆਂ ਥਾਵਾਂ ਤੋ ਸ਼ਟਲ ਬੱਸ ਸਰਵਿਸ ਮੁਫਤ ਸ਼ਰਧਾਲੂਆਂ ਨੁੰ ਗੁਰਧਾਮਾ ਤੱਕ ਲੈ ਕੇ ਜਾਵੇਗੀ, ਜਿਸ ਦੇ ਲਈ ਟ੍ਰਾਸਪੋਰਟ ਵਿਭਾਗ ਦੇ ਆਰਟੀਓ ਜੀ.ਐਸ.ਜੋਹਲ ਕੰਮ ਕਰ ਰਹੇ ਹਨ। ਸੁਖਪਾਲ ਸਿੰਘ ਐਸ.ਡੀ.ਐਮ ਮੋਰਿੰਡਾ ਵੱਲੋਂ ਵਿਰਾਸਤੀ ਖੇਡਾਂ ਦੀਆਂ ਤਿਆਰੀਆਂ ਤੇ ਪ੍ਰਬੰਧ ਕਰਵਾਏ ਜਾ ਰਹੇ ਹਨ। ਐਸ.ਡੀ.ਐਮ ਰੂਪਨਗਰ ਸ੍ਰੀ ਸਚਿਨ ਪਾਠਕ ਹੋਲਾ ਮਹੱਲਾ ਦੀ ਵੈਬਸਾਈਟ ਉਤੇ ਮੇਲੇ ਸਬੰਧੀ ਹਰ ਢੁਕਵੀ ਜਾਣਕਾਰੀ ਉਪਲੱਬਧ ਕਰਵਾ ਰਹੇ ਹਨ। ਹਰਜੀਤਪਾਲ ਸਿੰਘ ਕਾਰਜਕਾਰੀ ਇੰ.ਜਲ ਸਪਲਾਈ ਵੱਲੋਂ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦੇ ਵਾਧੂ ਵਾਟਰ ਟੈਪ ਲਗਾਏ ਜਾ ਰਹੇ ਹਨ, ਆਰਜੀ ਪਖਾਨੇ ਸਥਾਪਿਤ ਕਰਨ ਦੇ ਨਾਲ ਨਾਲ ਡਰੇਨਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਪ੍ਰਸਾਸ਼ਨ ਵੱਲੋਂ ਇਸ ਵਾਰ ਸ਼ਰਧਾਲੂਆਂ ਦੀ ਸਹੂਲਤ ਲਈ ਮੇਲਾ ਖੇਤਰ ਵਿੱਚ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।
ਹੋਲਾ ਮਹੱਲਾ ਲਈ ਪ੍ਰਸਾਸ਼ਨ ਹੋਇਆ ਪੱਬਾ ਭਾਰ, ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ


