ਬਠਿੰਡਾ, 9 ਅਗਸਤ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰ ’ਤੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਹਾੜਾ ਬੜੀ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਤੀਫ ਅਹਿਮਦ ਨੇ ਆਜਾਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਦੀਆਂ ਆਗਾਊਂ ਤਿਆਰੀਆਂ ਸਬੰਧੀ ਹੋਈ ਫਾਇਨਲ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਆਰਟੀਏ ਮੈਡਮ ਪੂਨਮ ਸਿੰਘ ਆਦਿ ਹਾਜ਼ਰ ਸਨ।
15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਫਾਇਨਲ ਰਿਹਰਸਲ ਦੌਰਾਨ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ. ਸਕਾਊਟ ਅਤੇ ਗਾਈਡ ਦੀਆਂ ਟੁੱਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਪੀ.ਟੀ. ਸ਼ੋਅ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੱਖ-ਵੱਖ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਫਾਇਨਲ ਰਿਹਰਸਲ ਉਪਰੰਤ ਸ਼੍ਰੀ ਲਤੀਫ ਅਹਿਮਦ ਵਲੋਂ 15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪੜੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਰਿਹਰਸਲ ਮੌਕੇ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋਂ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ।
ਇਸ ਮੌਕੇ ਐਸਪੀ ਹੈਡਕੁਆਰਟਰ ਸ਼੍ਰੀ ਗੁਰਮੀਤ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸ਼ਿਵਪਾਲ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।