ਸ਼ਹਿਰ ਦੀਆਂ ਸੜਕਾਂ ਦੇ ਭੀੜ-ਭੜੱਕੇ ਤੋਂ ਨਿਜਾਤ ਦਿਵਾਉਣ ਲਈ ਜ਼ਿਲ੍ਹੇ ਦੀ ਸੜਕ ਸੁਰੱਖਿਆ ਕਮੇਟੀ ਦੀ ਅਗਲੇ ਮਹੀਨੇ ਹੋਵੇਗੀ ਵਿਸ਼ੇਸ਼ ਮੀਟਿੰਗ-ਡੀਸੀ ਆਸ਼ਿਕਾ ਜੈਨ

Politics Punjab S.A.S Nagar

ਐਸ.ਏ.ਐਸ.ਨਗਰ, 27 ਨਵੰਬਰ, 2024:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਦੀਆਂ ਸੜਕਾਂ ਨੂੰ ਸੁਰੱਖਿਅਤ ਅਤੇ ਟ੍ਰੈਫਿਕ ਜਾਮ ਮੁਕਤ ਬਣਾਉਣ ਲਈ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਭੀੜ-ਭੜੱਕੇ ਤੋਂ ਨਿਜਾਤ ਸਬੰਧੀ ਸੜਕ ਸੁਰੱਖਿਆ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਦਸੰਬਰ ਦੇ ਦੂਜੇ ਹਫ਼ਤੇ ਕੀਤੀ ਜਾਵੇਗੀ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ (ਹਾਊਸਿੰਗ ਅਤੇ ਸ਼ਹਿਰੀ ਵਿਕਾਸ) ਸ਼ਾਮਲ ਹੋਣਗੇ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਸੁਖਾਵੀਂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਗਮਾਡਾ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
  ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਵਾਸੀਆਂ ਦੇ ਸੜ੍ਹਕਾਂ ਤੇ ਸੁਰੱਖਿਅਤ ਆਉਣ-ਜਾਣ ਲਈ ਕੀਤੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਚੌਕਾਂ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਇਸੇ ਤਰ੍ਹਾਂ, ਸੜਕ ਦੇ ਨਿਰਮਾਣ ਦੇ ਸਾਰੇ ਕੰਮ ਨੂੰ ਰਿਫਲੈਕਟਰ ਜਾਂ ਹੋਰ ਮਾਧਿਅਮਾਂ ਨਾਲ ਹਾਈਲਾਈਟ ਕੀਤਾ ਜਾਵੇ ਤਾਂ ਜੋ ਰਾਹੀਆਂ ਤੇ ਵਾਹਨ ਚਾਲਕਾਂ ਦਾ ਧਿਆਨ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਬਕਾਇਆ ਬਲੈਕ ਸਪਾਟਸ ਨੂੰ ਵੀ ਜਲਦ ਠੀਕ ਕੀਤਾ ਜਾਵੇ, ਭਾਵੇਂ ਉਹ ਗਮਾਡਾ, ਨੈਸ਼ਨਲ ਹਾਈਵੇ, ਐਮਸੀ ਜਾਂ ਪੀਡਬਲਯੂਡੀ ਨਾਲ ਸਬੰਧਤ ਹੋਣ।
  ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ਨੂੰ ਝਾੜੀਆਂ ਤੋਂ ਮੁਕਤ ਕਰਨ ਅਤੇ ਸਾਈਨ ਬੋਰਡਾਂ ਨੂੰ ਪ੍ਰਤੱਖ ਰੂਪ ਦੇਣ ਲਈ ਤਿਆਰ ਕੀਤੀ ਗਈ ਰਿਪੋਰਟ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਗਮਾਡਾ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਅਗਲੇ ਦੋ ਹਫ਼ਤਿਆਂ ਤੱਕ ਇਸ ਰਿਪੋਰਟ ਵਿੱਚ ਦਿੱਤੀਆਂ ਸਿਫ਼ਾਰਸ਼ਾਂ ਨੂੰ ਸਿਧਾਂਤਕ ਰੂਪ ਵਿੱਚ ਲਾਗੂ ਕਰਨ ਅਤੇ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ।
  ਉਨ੍ਹਾਂ ਕਿਹਾ ਕਿ ਸਿਟੀ ਸਰਵੀਲੈਂਸ ਸਿਸਟਮ ਤਹਿਤ ਲਗਾਏ ਜਾ ਰਹੇ ਸੀ.ਸੀ.ਟੀ.ਵੀ. ਅਤੇ ਹੋਰ ਕੈਮਰੇ ਨਿਰਧਾਰਤ ਸਮੇਂ ਤੱਕ ਮੁਕੰਮਲ ਕਰ ਲਏ ਜਾਣ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਲੋੜੀਂਦੇ ਸਪੀਡ ਲਿਮਟ ਸਾਈਨ ਬੋਰਡ, ਸਟਾਪ ਲਾਈਨ ਆਦਿ ਲਗਾਉਣ ਦਾ ਕੰਮ ਵੀ ਸੀ.ਸੀ.ਟੀ.ਵੀ. ਲਗਾਉਣ ਤੋਂ ਪਹਿਲਾਂ ਮੁਕੰਮਲਕੀਤਾ ਜਾਵੇ ।
  ਉਨ੍ਹਾਂ ਗਮਾਡਾ ਨੂੰ ਹਦਾਇਤ ਕੀਤੀ ਕਿ ਉਹ ਐਸ.ਡੀ.ਐਮ ਗੁਰਮੰਦਰ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਤਾਂ ਜੋ ਨਿਊ ਕ੍ਰਿਕਟ ਸਟੇਡੀਅਮ ਵਾਲੀ ਸੜਕ ‘ਤੇ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।
  ਡਿਪਟੀ ਕਮਿਸ਼ਨਰ ਨੇ ਕਮੇਟੀ ਮੈਂਬਰਾਂ ਅਤੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਸੁਨਹਿਰੀ ਸਮੇਂ ਦੌਰਾਨ ਸੜਕ ਦੁਰਘਟਨਾ ਪੀੜਤਾਂ ਦੀ ਜਾਨ ਬਚਾਉਣ ਲਈ ਲੋਕਾਂ ਨੂੰ ਫਰਿਸ਼ਤੇ ਸਕੀਮ ਬਾਰੇ ਜਾਗਰੂਕ ਕਰਨ।
  ਮੀਟਿੰਗ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਏਸੀਏ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਐਸਪੀ (ਟਰੈਫਿਕ) ਐਚਐਸ ਮਾਨ,  ਐਸਡੀਐਮ ਖਰੜ ਗੁਰਮੰਦਰ ਸਿੰਘ, ਐਸਡੀਐਮ ਡੇਰਾਬੱਸੀ ਅਮਿਤ ਗੁਪਤਾ, ਅਸਟੇਟ ਅਫਸਰ (ਪਲਾਟ) ਗਮਾਡਾ ਰਵਿੰਦਰ ਸਿੰਘ, ਐਨਜੀਓ ਮੈਂਬਰ ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।