ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਦੇ ਬੈਨਰ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਲੋਕਾਂ ਨੇ ਵੱਡੀ ਗਿਣਤੀ ਵਿਚ ਕੀਤਾ ਯੋਗਾ

Fazilka

ਫਾਜ਼ਿਲਕਾ 22 ਜੂਨ
ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਦੇ ਬੈਨਰ ਹੇਠ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਯੋਗਾ ਕੀਤਾ ਅਤੇ ਆਪਣੇ ਆਪ ਨੂੰ ਸਿਹਤਮੰਦ ਰਹਿਣ ਦੀ ਮਿਸਾਲ ਪੇਸ਼ ਕੀਤੀ। ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਦੇ ਮੱਦੇਨਜਰ ਯੋਗਾ ਦਿਵਸ ਹੁਣ ਇਕ ਦਿਨ ਵਿਚ ਸਿਮਟ ਕੇ ਰਹਿਣ ਵਾਲਾ ਦਿਵਸ ਨਾ ਰਹਿ ਕੇ ਰੋਜਾਨਾ ਲੋਕਾਂ ਨੂੰ ਤੰਦਰੁਸਤ ਬਣਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰਿਸ਼ ਦਾ ਮੌਸਮ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਯੋਗਾ ਪ੍ਰਤੀ ਉਤਸਾਹ ਵਿਚ ਕੋਈ ਕਮੀ ਨਹੀਂ ਹੈ, ਜਿਸ ਦਾ ਨਤੀਜਾ ਬੀਤੇ ਦਿਨ ਵਿਚ ਦੇਖਣ ਨੁੰ ਮਿਲਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਲੋਕਾਂ ਨੇ ਭਾਰੀ ਗਿਣਤੀ ਵਿਚ ਬਲਾਕ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ ਅਤੇ ਖੂਈਆਂ ਸਰਵਰ ਅਧੀਨ ਲਗੀਆਂ ਯੋਗ ਕਲਾਸਾਂ ਵਿਚ ਪਹੁੰਚ ਕੇ ਯੋਗ ਦੇ ਮਹੱਤਵ ਨੁੰ ਸਮਝਦਿਆਂ ਯੋਗਾ ਕੀਤਾ। ਉਨ੍ਹਾਂ ਕਿਹਾ ਕਿ ਬਚੇ, ਜਵਾਨ, ਬਜੁਰਗ ਸਾਰੇ ਵਰਗ ਦੇ ਲੋਕਾਂ ਨੇ ਯੋਗਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਦੇ ਉਪਰਾਲੇ ਨੂੰ ਹਰ ਇਕ ਵਿਅਕਤੀ ਨੇ ਸਰਾਇਆ ਹੈ ਤੇ ਹਰ ਇਕ ਨਾਗਰਿਕ ਇਸ ਮੁਹਿੰਮ ਵਿਚ ਵੱਧ ਚੜ ਕੇ ਹਿਸਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਤਰੀਕੇ ਨਾਲ ਯੋਗ ਸਿਖਾਉਣ ਲਈ ਪੰਜਾਬ ਸਰਕਾਰ ਵੱਲੋਂ ਮਾਹਿਰ ਯੋਗਾ ਟਰੇਨਰ ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਮਾਹਿਰ ਯੋਗ ਟ੍ਰੇਨਰ ਉਨ੍ਹਾਂ ਨੂੰ ਖੁੱਲ੍ਹੇ ਪਾਰਕਾਂ ਤੇ ਹੋਰ ਸਾਂਝੀ ਥਾਵਾਂ ਤੇ ਮੁਫਤ ਯੋਗ ਕਲਾਸਾਂ ਦੇਣਗੇ।