ਮੱਖੂ (ਫਿਰੋਜ਼ਪੁਰ) 4 ਅਪ੍ਰੈਲ ( ) ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆ ਦੇ ਅਧਿਕਾਰੀਆਂ ਵੱਲੋਂ ਜਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰੂਨ ਸ਼ਰਮਾ ਵਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ “ਐਸਪੀਰੇਸ਼ਨਲ ਬਲਾਕ ਪ੍ਰੋਗਰਾਮ” ਹੇਠ ਚੁਣੇ ਗਏ ਬਲਾਕ ਮੱਖੂ ਦੇ 14 ਸਿਹਤ ਤੰਦਰੁਸਤੀ ਕੇਂਦਰਾਂ ਵਿਖੇ ਆਮ ਲੋਕਾਂ ਨੂੰ ਵਧੀਆ ਜ਼ਿੰਦਗੀ ਜਿਉਣ, ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆ ਤੋਂ ਸੀਨੀਅਰ ਰੀਜਨਲ ਡਾਇਰੈਕਟਰ ਡਾ ਸੁਚਿੱਤਰਾ ਸਸਮਲ ਉਚੇਚੇ ਤੌਰ ਤੇ ਪਹੁੰਚੇ। ਕੇਂਦਰ ਸਰਕਾਰ ਵੱਲੋਂ ਡਾ ਸੁਚਿੱਤਰਾ ਨੂੰ ਬਲਾਕ ਮੱਖੂ ਵਿੱਖੇ ਇਸ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸੈਂਟਰਲ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਰਜ਼ਕਾਰੀ ਸਿਵਲ ਸਰਜਨ ਡਾ ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਸਾਲ 2023 ਦੌਰਾਨ ਪ੍ਰਧਾਨ ਮੰਤਰੀ ਵਲੋਂ “ਐਸਪੀਰੇਸ਼ਨਲ ਬਲਾਕ ਪ੍ਰੋਗਰਾਮ” ਹੇਠ ਪੂਰੇ ਭਾਰਤ ਵਿਚੋਂ 500 ਬਲਾਕਾਂ ਦੀ ਚੋਣ ਕੀਤੀ ਗਈ ਸੀ। ਇਹਨਾਂ ਬਲਾਕਾਂ ਹੇਠ ਆਉਂਦੇ ਸਿਹਤ ਤੰਦਰੁਸਤੀ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਪ੍ਰੋਗਰਾਮ ਹੇਠ ਸਭ ਤੋਂ ਵੱਧ ਸੁਧਾਰ ਅਤੇ ਲੋੜ ਵਾਲੇ 100 ਬਲਾਕਾਂ ਵਿੱਚੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਬਲਾਕ ਦੇ 14 ਸਿਹਤ ਤੰਦਰੁਸਤੀ ਕੇਂਦਰਾਂ ਦੀ ਚੋਣ ਕੀਤੀ ਗਈ ਹੈ। ਇਹਨਾਂ ਸਿਹਤ ਤੰਦਰੁਸਤੀ ਕੇਂਦਰਾਂ ਹੇਠ ਲੱਗਭਗ 90 ਪਿੰਡ ਆਉਂਦੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆ ਦੇ ਸੀਨੀਅਰ ਰੀਜਨਲ ਡਾਇਰੈਕਟਰ ਡਾ ਸੁਚਿੱਤਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਹੇਠ ਚੁਣੇ ਗਏ ਸਿਹਤ ਤੰਦਰੁਸਤੀ ਕੇਂਦਰਾਂ ਵਿੱਖੇ ਗਰਭਵਤੀ ਔਰਤਾਂ ਦੀ ਪਹਿਲੀ ਤਿਮਾਹੀ ਦੌਰਾਨ ਰਜਿਸਟ੍ਰੇਸ਼ਨ, ਸੰਸਥਾਗਤ ਜਣੇਪਾ, ਟੀ ਬੀ, ਬਲੱਡ ਪਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਪੂਰਾ ਇਲਾਜ਼, ਜਨਮ ਦੌਰਾਨ ਘੱਟ ਵਜਨ ਵਾਲੇ ਨਵਜੰਮੇ ਬੱਚਿਆਂ ਦਾ ਖਾਸ ਧਿਆਨ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਇਹਨਾਂ ਚੱਲ ਰਹੇ ਸਿਹਤ ਤੰਦਰੁਸਤੀ ਕੇਂਦਰਾਂ ਵਿਖੇ ਬਿਜ਼ਲੀ, ਪਾਣੀ, ਸਾਫ਼ ਸਫ਼ਾਈ ਅਤੇ ਮਰੀਜ਼ਾ ਦੇ ਬੈਠਣ ਦੇ ਪ੍ਰਬੰਧਾਂ ਲਈ ਸੰਬਧਤ ਵਿਭਾਗਾਂ ਦਾ ਸਹਿਯੋਗ ਲਿਆ ਜਾਏਗਾ।
ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਮਨਦੀਪ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੇਜ਼ ਰਾਮ, ਜ਼ਿਲ੍ਹਾ ਟੀ ਬੀ ਅਫ਼ਸਰ ਡਾ ਸਤਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਕੱਸੋਆਣਾ ਡਾ ਬਲਕਾਰ ਸਿੰਘ, ਸਹਾਇਕ ਸੁਪਰਡੈਂਟ ਇੰਜੀਨੀਅਰ ਐਸ ਐਸ ਥਿੰਦ, ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ ਸੁਰਜੀਤ ਸਿੰਘ, ਵਾਟਰ ਸਪਲਾਈ ਵਿਭਾਗ ਤੋਂ ਐਸ ਡੀ ਓ ਗੁਰਪ੍ਰੀਤ ਸਿੰਘ, ਡਾ ਆਕਾਸ਼ ਅੱਗਰਵਾਲ, ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਫ਼ਸਰ ਹਰੀਸ਼ ਕਟਾਰੀਆ ਆਦਿ ਹਾਜ਼ਰ ਸਨ।