ਮੂੰਹ ਦੀ ਸਿਹਤ  ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ

Ferozepur

ਫ਼ਿਰੋਜ਼ਪੁਰ, 19 ਮਾਰਚ 2024 (           ) 

            ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਦੀ ਅਗਵਾਈ ਹੇਠ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿਚ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਪੰਕਜ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਸ਼ਾਲ ਬਜਾਜ, ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਨਵੀਨ ਸੇਠੀ ਅਤੇ ਡਾ. ਵਨੀਤ ਮਹਿਤਾ ਮੈਡੀਕਲ ਅਫ਼ਸਰ (ਡੈਂਟਲ ) ਵੱਲੋਂ ਲੋਕਾਂ ਵਿੱਚ ਮੂੰਹ ਦੀ ਸਿਹਤ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣ ਅਤੇ ਜਾਣਕਾਰੀ ਦਿੰਦੇ ਬੈਨਰ ਜਾਰੀ ਕੀਤੇ ਗਏ।

               ਇਸ ਮੌਕੇ ਦੰਦਾ ਦੇ ਰੋਗਾਂ ਦੇ ਮਾਹਿਰ ਡਾ. ਪੰਕਜ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਮੂੰਹ ਦੀ ਸਿਹਤ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਮੂੰਹ ਰਾਹੀਂ ਸਾਡੇ ਸਰੀਰ ਤੱਕ ਪਹੁੰਚਦਾ ਹੈ। ਅਜਿਹੇ ਚ ਜੇਕਰ ਕਿਸੇ ਕਾਰਨ ਸਾਡੇ ਮੂੰਹ ਚ ਕੋਈ ਇਨਫੈਕਸ਼ਨ ਜਾਂ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਡੇ ਮੂੰਹ ਰਾਹੀਂ ਸਰੀਰ ਚ ਦਾਖਲ ਹੋਣ ਵਾਲਾ ਭੋਜਨ ਵੀ ਦੂਸ਼ਿਤ ਹੋ ਸਕਦਾ ਹੈ। ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਬਚਾਉਣ ਲਈ ਹੀ ਇਹ ਜਾਣਕਾਰੀ ਦਿੰਦੇ ਬੈਨਰ ਜਾਰੀ ਕੀਤੇ ਗਏ ਹਨ। 

           ਮੈਡੀਕਲ ਅਫ਼ਸਰ ( ਡੈਂਟਲ) ਡਾ. ਵਨੀਤ ਮਹਿਤਾ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਨਿਯਮਤ ਸਫਾਈ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਬਚਾ ਸਕਦੀ ਹੈ। ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਦਿਨ ਵਿਚ ਘੱਟੋ-ਘੱਟ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਨਿਯਮਿਤ ਤੌਰ ਤੇ ਸਾਫ਼ ਕਰਨਾ ਚਾਹੀਦਾ ਹੈ। ਮਸੂੜਿਆਂ ਦੀ ਨਿਯਮਤ ਮਾਲਿਸ਼ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਕਿਉਂਕਿ ਇਹ ਮੂੰਹ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। 

          ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਾਨ ਮਸਾਲਾ, ਤੰਬਾਕੂ ਅਤੇ ਗੁਟਖਾ ਆਦਿ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਬੱਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੂੰਹ ਦੇ ਕੈਂਸਰ ਦਾ ਖਤਰਾ ਸਭ ਤੋਂ ਜਿਆਦਾ ਹੁੰਦਾ ਹੈ। ਇਸ ਮੌਕੇ ਅਸ਼ੀਸ਼ ਭੰਡਾਰੀ ਆਦਿ ਹਾਜ਼ਰ ਸਨ।