ਇਸ ਵਾਰ ਅੰਮ੍ਰਿਤਸਰ ਵਿਚ 19.68 ਲੱਖ ਵੋਟਰ ਕਰਨਗੇ ਆਪਣੇ ਵੋਟ ਹੱਕ ਦੀ ਵਰਤੋਂ- ਡਿਪਟੀ ਕਮਿਸ਼ਨਰ

Amritsar

ਅੰਮ੍ਰਿਤਸਰ, 16 ਮਾਰਚ 2024  (       )-ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਣਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ ਬਾਰੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ ਇਸ ਵਾਰ ਅੰਮ੍ਰਿਤਸਰ ਜਿਲ੍ਹੇ ਵਿਚ 1967466 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ। ਉਨਾਂ ਦੱਸਿਆ ਕਿ ਵੋਟਾਂ ਬਨਾਉਣ ਦਾ ਕੰਮ ਨਾਮਜ਼ਦਗੀਆਂ ਤੋਂ ਸੱਤ ਦਿਨ ਪਹਿਲਾਂ ਤੱਕ ਜਾਰੀ ਰਹੇਗਾ ਪਰ ਵੋਟ ਕੱਟਣ ਦਾ ਕੰਮ ਹੁਣ ਬੰਦ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਵਿਚ ਵੋਟਾਂ ਆਖਰੀ ਗੇੜ ਵਿਚ ਹੋਣ ਕਾਰਨ ਵੋਟਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ 7 ਮਈ ਤੋਂ ਸ਼ੁਰੂ ਹੋਵੇਗਾ, ਜੋ ਕਿ 14 ਮਈ ਤੱਕ ਚੱਲੇਗਾ। 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਵੋਟਾਂ 1 ਜੂਨ ਨੂੰ ਪੈਣਗੀਆਂ ਤੇ ਗਿਣਤੀ 4 ਜੂਨ ਨੂੰ ਹੋਵੇਗੀ।

ਇਸ ਮੌਕੇ ਉਨਾਂ ਦੱਸਿਆ ਕਿ ਉਮੀਦਵਾਰ 95 ਲੱਖ ਰੁਪਏ ਤੱਕ ਖਰਚਾ ਕਰ ਸਕਣਗੇ ਅਤੇ ਨਾਮਜ਼ਦਗੀ ਫੀਸ ਜਨਰਲ ਲਈ 25 ਹਜ਼ਾਰ ਤੇ ਰਿਜ਼ਰਵ ਲਈ 12.5 ਹਜ਼ਾਰ ਰੁਪਏ ਹੋਵੇਗੀ। ਉਨਾਂ ਕਿਹਾ ਕਿ 85 ਤੋਂ ਵੱਧ ਉਮਰ ਅਤੇ ਦਿਵਆਂਗ ਵੀ ਘਰ ਬੈਠੇ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ, ਜਿੰਨਾ ਦੀ ਗਿਣਤੀ ਕ੍ਰਮਵਾਰ 18348 ਅਤੇ 16946 ਹੈ। ਇਸ ਤੋਂ ਇਲਾਵਾ ਜਿਲ੍ਹੇ ਵਿਚ 72 ਟਰਾਂਸਜੈਂਡਰ ਵੋਟਰ ਵੀ ਜਿਲ੍ਹੇ ਵਿਚ ਹਨ। ਉਨਾਂ ਦੱਸਿਆ ਕਿ ਜਿਲ੍ਹੇ ਵਿਚ 1122 ਥਾਵਾਂ ਉਤੇ 2126 ਬੂਥ ਬਣਾਏ ਗਏ ਹਨ। ਉਨਾਂ ਦੱਸਿਆ ਕਿ ਹਰੇਕ ਹਲਕੇ ਵਿਚ 10-10 ਮਾਡਰਨ ਬੂਥ ਵੀ ਬਣਾਏ ਜਾਣਗੇ ਅਤੇ ਹਰੇਕ ਬੂਥ ਉਤੇ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਕਾਰਨ ਹਰੇਕ ਦਫਤਰ ਵਿਚੋਂ ਸਰਕਾਰੀ ਪ੍ਰਚਾਰ ਸਮਗਰੀ 24 ਘੰਟਿਆਂ ਅੰਦਰ ਹਟਾ ਦਿੱਤੀ ਜਾਵੇਗੀ ਅਤੇ ਵੱਖ-ਵੱਖ ਥਾਵਾਂ ਉਤੇ ਲੱਗੇ ਰਾਜਸੀ ਪਾਰਟੀਆਂ ਦੇ ਹੋਰਡਿੰਗ ਹਟਾਉਣ ਦਾ ਕੰਮ ਜੰਗੀ ਪੱਧਰ ਉਤੇ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਲਾਇਸੈਂਸੀ ਹਥਿਆਰ ਵਾਪਸ ਲੈਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 

 ਉਨਾਂ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਕਾਰਨ ਹਵਾਈ ਅੱਡੇ ਉਤੇ ਕੋਈ ਚਾਰਟਡ ਜਹਾਜ਼ ਜਾਂ ਹੈਲੀਕੈਪਟਰ ਉਤਰਦਾ ਹੈ ਤਾਂ ਉਸਦੀ ਤਲਾਸ਼ੀ ਲਈ ਜਾਵੇਗੀ। ਇਸ ਤੋਂ ਇਲਾਵਾ ਜਿਲ੍ਹੇ ਵਿਚ 99 ਫਲਾਇੰਗ ਟੀਮਾਂ 24 ਘੰਟੇ ਜਾਂਚ ਪੜਤਾਲ ਦਾ ਕੰਮ ਕਰਨਗੀਆਂ। ਉਨਾਂ ਦੱਸਿਆ ਕਿ ਵੋਟਾਂ Ñਲਈ ਸਾਡੇ ਕੋਲ ਸਟਾਫ ਦੀ ਕੋਈ ਘਾਟ ਨਹੀਂ ਹੈ ਅਤੇ ਅਸੀਂ ਲੋੜ ਅਨੁਸਾਰ ਟੀਮਾਂ ਦੀ ਤਾਇਨਾਤੀ ਕਰ ਰਹੇ ਹਾਂ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ ਅਤੇ ਚੋਣ ਤਹਿਸੀਲਦਾਰ ਇੰਦਰਜੀਤ ਸਿੰਘ ਵੀ ਹਾਜ਼ਰ ਸਨ।