ਮਾਨਸਾ, 16 ਮਾਰਚ :
ਜ਼ਿਲਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮਾਨਸਾ ਦੇ ਵਿਧਾਨ ਸਭਾ ਹਲਕਿਆਂ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਜ਼ਿਲਾ ਮਾਨਸਾ ਦੇ ਸਾਰੇ ਅਸਲਾ ਲਾਇਸੰਸੀਆਂ ਨੂੰ ਆਪਣੇ-ਆਪਣੇ ਹਥਿਆਰ ਚੁੱਕ ਕੇ ਤੁਰਨ ਦੀ ਮਨਾਹੀ ਦਾ ਹੁਕਮ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਅਸਲਾਧਾਰੀ ਆਪਣਾ-ਆਪਣਾ ਅਸਲਾ 19 ਮਾਰਚ 2024 ਤੱਕ ਨੇੜੇ ਦੇ ਪੁਲਿਸ ਥਾਣਿਆਂ ਜਾਂ ਅਧਿਕਾਰਿਤ ਅਸਲਾ ਡੀਲਰਾਂ ਕੋਲ ਹਰ ਹਾਲਤ ਵਿੱਚ ਜਮਾਂ ਕਰਵਾਉਣ।
ਹੁਕਮ ਵਿੱਚ ਕਿਹਾ ਗਿਆ ਕਿ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾ 1 ਜੂਨ 2024 ਨੂੰ ਹੋਣੀਆਂ ਹਨ। ਇਹ ਦੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਲੜਾਈ-ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਸਲਾ ਧਾਰੀਆਂ ਪਾਸੋਂ ਉਨਾਂ ਦੇ ਅਸਲੇ ਜਮਾਂ ਕਰਵਾਉਣਾ ਅਤਿ ਜ਼ਰੂਰੀ ਹੈ, ਤਾਂ ਜੋ ਕਿਸੇ ਕਿਸਮ ਦੀ ਘਟਨਾ ਨਾ ਵਾਪਰੇ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਅਸਲਾ ਮਿੱਥੇ ਸਮੇਂ ’ਤੇ ਜਮਾ ਨਾ ਕਰਵਾਉਣ ਦੀ ਸੂਰਤ ਵਿੱਚ ਜ਼ਾਬਤਾ ਫੌਜ਼ਦਾਰੀ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਅਸਲਾ ਲਾਇਸੰਸ ਰੱਦ ਕਰ ਦਿੱਤੇ ਜਾਣਗੇ।
ਇਹ ਹੁਕਮ 06 ਜੂਨ 2024 ਤੱਕ ਲਾਗੂ ਰਹੇਗਾ।