ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਮਾਰਚ
ਭਾਰਤੀ ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਸ਼ੀਕਾ ਜੈਨ ਵੱਲੋਂ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਦੇ ਵੱਖ-ਵੱਖ ਕਾਲਜਾਂ ਵਿੱਚ ਸੈਲਫੀ ਕੱਟ ਆਉਟ ਲਗਾਏ ਗਏ ਹਨ।ਨੌਜਵਾਨ ਵੋਟਰ ਸੈਲਫੀ ਕੱਟ ਆਉਟ ਨਾਲ ਫੋਟੋਆਂ ਖਿਚਵਾਕੇ ਸ਼ੋਸ਼ਲ ਮੀਡੀਆ ਉਪਰ ਅੱਪਲੋਡ ਕਰ ਰਹੇ ਹਨ ਅਤੇ ਸਮੂਹ ਵਰਗਾਂ ਨੂੰ ਵੋਟ ਪਾਉਣ ਲਈ ਅਪੀਲ ਕਰ ਰਹੇ ਹਨ। ਜ਼ਿਲ੍ਹਾ ਚੋਣ ਅਫਸਰ ਆਸ਼ੀਕਾ ਜੈਨ ਨੇ ਮੁਹਾਲੀ ਦੇ ਸਮੂਹ ਵੋਟਰਾਂ ਖਾਸ ਕਰ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ ਸਲੋਗਨ ਤਹਿਤ 100% ਵੋਟਾਂ ਦਾ ਭੁਗਤਾਨ ਕੀਤਾ ਜਾਵੇ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜ਼ਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਲੱਗਭੱਗ 16500 ( 18 ਸਾਲ ਵਾਲੇ ) ਨਵੇਂ ਵੋਟਰ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿਚ ਪਹਿਲੀ ਵਾਰ ਵੋਟ ਪਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਦੀਆਂ ਸਮੂਹ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਦੋ ਦੋ ਵਿਦਿਆਰਥੀ ਕੈਂਪਸ ਅੰਬੇਸਡਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਇੱਕ ਇੱਕ ਵੋਟ ਜਰੂਰੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਇਆ ਜਾ ਸਕੇ। ਜਿਲਾ ਮੁਹਾਲੀ ਵੱਲੌਂ ਸਮੂਹ ਵੋਟਰਾਂ ਦੀ ਵੋਟ ਯਕੀਨੀ ਬਣਾਉਣ ਲਈ ਸਲੋਗਨ ” ਸਾਡੈ ਜ਼ਿਲ੍ਹਾ ਦੀ ਇਹ ਪਹਿਚਾਣ, 100% ਕਰਾਂਗੇ ਮਤਦਾਨ” ਰਾਹੀਂ ਵੋਟਰ ਸ਼ਾਖਰਤਾ ਕਲੱਬਾਂ, ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਅਤੇ ਰਾਸ਼ਟਰੀ ਕੈਡਿਟ ਕੋਰ ਦੇ ਵਲੰਟੀਅਰਾਂ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ।