ਸੇਫ ਸਕੂਲ ਵਾਹਨ ਪਾਲਸੀ ਸਖਤੀ ਨਾਲ ਕੀਤੀ ਜਾਵੇ ਲਾਗੂ:  ਡਿਪਟੀ ਕਮਿਸ਼ਨਰ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 14 ਮਾਰਚ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਰੀਵਿਊ ਮੀਟਿੰਗ ਦੋਰਾਨ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ (ਆਈ.ਏ.ਐਸ) ਵੱਲੋਂ ਸੇਫ ਸਕੂਲ ਵਾਹਨ ਪਾਲਸੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਹੁਕਮ ਕੀਤੇ। ਉਨ੍ਹਾਂ ਕਿਹਾ ਕਿ ਹਰ ਸਕੂਲ ਮੈਨਜਮੈਂਟ ਆਪਣੇ ਸਕੂਲ ਵਿੱਚ ਆਉਣ ਵਾਲੀਆਂ ਵੈਨਾਂ ਵਿੱਚ ਵਧੀਆ ਕੁਆਲਟੀ ਦੇ ਆਈ.ਪੀ. ਕੈਮਰੇ ਲਗਵਾਉਣਾ ਯਕੀਨੀ ਬਣਵਾਉਣ ਅਤੇ  ਇਹਨਾਂ ਕੈਮਰਿਆਂ ਦੇ ਐਕਸੈਸ ਨੂੰ ਟ੍ਰੈਫਿਕ ਪੁਲਿਸ ਨਾਲ ਸਾਂਝਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਹਰ ਸਕੂਲ ਮੈਨੇਜਮੈਂਟ ਹਰ ਸਕੂਲ ਵੈਨ ਵਿੱਚ ਇਕ ਔਰਤ ਅਟਟੈਂਡੈਂਟ ਦਾ ਹੋਣਾ ਯਕੀਨੀ ਬਣਾਵੇ। ਉਨ੍ਹਾਂ ਅਧਿਕਾਰੀਆਂ  ਨੂੰ ਹੁਕਮ ਕੀਤੇ ਕਿ ਜੋ ਸਕੂਲ ਵੈਨਾਂ, ਪਾਲਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਉਹਨਾਂ ’ਤੇ ਨਿਯਮਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।                                                                                           

ਇਸ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਬੱਚਿਆਂ ਨੂੰ ਚੋਣ ਗਤੀ ਵਿਧੀਆਂ ਵਿੱਚ ਸ਼ਾਮਿਲ ਨਾ ਕਰਨ ਸਬੰਧੀ ਭਾਰਤੀ ਚੋਣ ਕੈਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲਾਗੂ ਕਰਵਾਓਣ, ਬਾਲ ਮਜਦੂਰੀ ਅਤੇ ਬਾਲ ਭਿਖਿਆ ਕਰਵਾਓਣ ਵਾਲਿਆ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਕੀਤੇ ਗਏ।

ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸੇ ਤਰ੍ਹਾਂ ਦੀ ਵੀ ਕੋਈ ਢਿੱਲ ਨਾ ਵਰਤੀ ਜਾਵੇ|ਇਸ ਮੀਟਿੰਗ ਵਿੱਚ ਬਾਲ ਭਲਾਈ ਕਮੇਟੀ ਦੇ ਕੇਸਾਂ ਦਾ ਰਿਵਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਉਹਨਾਂ ਦੇ ਵਿਭਾਗ ਵੱਲੋਂ ਚਲ ਰਹੀ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਲਾਭ ਦੇਣ ਦੀ ਹਦਾਇਤ ਦਿੱਤੀ ਗਈ|

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਡਾਕਟਰ ਸ਼ਿਵਾਨੀ ਨਾਗਪਾਲ, ਤਹਿਸੀਲਦਾਰ ਚੋਣਾ ਸ੍ਰੀ ਹਰਬੰਸ ਸਿੰਘ, ਬਾਲ ਭਲਾਈ ਕਮੇਟੀ ਮੈਂਬਰਜ਼, ਸ੍ਰੀ ਮੁਨੀਸ਼ ਵਰਮਾ, ਸ੍ਰੀ ਅਮਰਜੀਤ ਸਿੰਘ, ਸ੍ਰੀ ਸੰਜੀਵ ਗੁਪਤਾ ਅਤੇ ਵੱਖ-ਵੱਖ ਅਧਿਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਨਰੇਸ਼ ਪਰੂਥੀ ਵੀ ਹਾਜ਼ਰ ਸਨ।