ਲੋਕ ਸਭਾ ਚੋਣਾਂ ‘ਚ ”ਆਪ” ਜੇਤੂ ਰਹਿਣ ‘ਤੇ ਪੰਜਾਬ ਨਾਲ ਕੇਂਦਰੀ ਮਤਰਈ ਮਾਂ ਵਾਲੇ ਵਤੀਰੇ ਤੋਂ ਮਿਲੇਗੀ ਨਿਜਾਤ : ਜਸਕਰਨ ਬੰਦੇਸ਼ਾ

Amritsar

 ਅੰਮ੍ਰਿਤਸਰ,13 ਮਾਰਚ

ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਅੱਜ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਂਝੇ ਤੌਰ ‘ਤੇ ਅਗਾਮੀ ਲੋਕ ਸਭਾ ਚੋਣਾਂ ਲਈ ਰਸਮੀ ਤੌਰ ‘ਤੇ ਪੰਜਾਬ ‘ਚ ਪਾਰਟੀ ਦੇ ਹੱਕ ‘ਚ ਚੋਣ ਪ੍ਰਚਾਰ ਦਾ ਬਿਗੁਲ ਵਜਾਏ ਜਾਣ ਲਈ ਪੰਜਾਬ ”ਆਪ” ਵੱਲੋਂ ਧੰਨਵਾਦ ਤੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਸੁਪ੍ਰੀਮੋ ਕੇਜਰੀਵਾਲ ਵੱਲੋਂ ਇਸ ਮੌਕੇ ‘ਤੇ ਦਿੱਤੇ ਗਏ ਨਾਅਰੇ ”ਸੰਸਦ ‘ਚ ਵੀ ਭਗਵੰਤ ਮਾਨ – ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ” ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਪੂਰੀ ਤਰ੍ਹਾਂ ਤਨਦੇਹੀ ਨਾਲ ਅਮਲੀਜਾਮਾ ਪਹਿਨਾ ਕੇ ਪੰਜਾਬ ‘ਚ 13 ਸੀਟਾਂ ‘ਤੇ ਹੀ ਜਿੱਤ ਦਰਜ ਕਰਵਾ ਕੇ 13-0 ਦਾ ਟੀਚਾ ਪ੍ਰਾਪਤ ਕਰੇਗੀ।  ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਵੋਟਰਾਂ ਦੇ ਫਤਵੇ ਨਾਲ ਪਾਰਟੀ ਸੁਪ੍ਰੀਮੋ ਕੇਜਰੀਵਾਲ ਦੀ ਝੋਲੀ ‘ਚ ਪਾਈਆਂ ਜਾਣਗੀਆਂ। ਗੱਲਬਾਤ ਦੌਰਾਨ ਸੂਬਾਈ ਬੁਲਾਰੇ ਬੰਦੇਸ਼ਾ ਨੇ ਕਿਹਾ ਕਿ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਦੀਆਂ 13 ਸੀਟਾਂ ‘ਤੇ ਹੀ ਲੋਕਾਂ ਦਾ ਫਤਵਾ ਹਾਸਿਲ ਕਰਨ ਲਈ ਪਾਰਟੀ ਵੱਲੋਂ ਬਕਾਇਦਾ ਚੋਣ ਪ੍ਰਚਾਰ ਜਨਸੰਪਰਕ ਮੁਹਿੰਮ ਹੁਣ ਰਸਮੀ ਤੌਰ ‘ਤੇ ਵਿੱਢ ਕੇ ਹਰ ਪਿੰਡ ਤੇ ਹਰ ਸ਼ਹਿਰ ਦੇ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਪਾਰਟੀ ਦੇ ਪੰਜਾਬ ਪੱਧਰ ਤੋਂ ਲੈ ਕੇ ਹੇਠਾਂ ਬੂਥ ਪੱਧਰ ਤੱਕ ਦੇ ਵਲੰਟੀਅਰਾਂ ਤੇ ਆਗੂਆਂ ਵੱਲੋਂ ਪੇਂਡੂ ਤੇ ਸ਼ਹਿਰੀ ਬਹੁਪੱਖੀ ਵਿਕਾਸ ‘ਚ ਕ੍ਰਾਂਤੀਕਾਰੀ ਮੱਲਾਂ ਮਾਰਕੇ ਪੇਂਡੂ ਤੇ ਸ਼ਹਿਰੀ ਪਾੜੇ ਨੂੰ ਸਾਬਕਾ ਸਰਕਾਰਾਂ ਵੱਲੋਂ ਪੈਦਾ ਕੀਤੀ ਗਈ ਰਵਾਇਤ ਨੂੰ ਤੋੜੇ ਜਾਣ, ਪੰਜਾਬ ਵਾਸੀਆਂ ਦੇ ਜੀਵਨ ‘ਚ ਝੂਠੇ ਮੁਕੱਦਮਿਆਂ ‘ਤੇ ਵਿਰਾਮ ਲਗਾ ਕੇ ਲੋਕਾਂ ਨੂੰ ਬਿਨਾਂ ਸਰਕਾਰੀ ਦਖਲ ਤੋਂ ਸੁਖਾਲਾ ਜੀਵਨ ਬਤੀਤ ਕਰਨ, ਪੰਜਾਬ ਵਾਸੀਆਂ ਨੂੰ ਹਰ ਪੱਖੋਂ ਆਧੁਨਿਕ ਤੇ ਮਿਆਰੀ ਬੁਨਿਆਦੀ ਮੂਲ ਢਾਂਚਾ ਮੁਹੱਈਆ ਕਰਵਾਏ ਜਾਣ, ਪੰਜਾਬ ‘ਚੋਂ ਗੈਂਗਸਟਰ ਕਲਚਰ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾ ਕੇ ਅਮਨ-ਕਾਨੂੰਨ ਦੀ ਹਾਲਤ ਸਥਿਰ ਬਣਾਏ ਜਾਣ ਨਾਲ ਵੱਡੇ ਉਦਯੋਗਪਤੀਆਂ ਵੱਲੋਂ ਉਦਯੋਗਾਂ ਲਈ ਆਪਣਾ ਅਰਬਾਂ ਰੁਪਏ ਪੂੰਜੀਨਿਵੇਸ਼ ਕੀਤੇ ਜਾਣ, ਅਨੁਕੂਲ ਤੇ ਟਿਕਾਊ ਵਿਕਾਸ ਤੋਂ ਇਲਾਵਾ ਰੁਜਗਾਰ ਦੇ ਲੱਖਾਂ ਅਵਸਰ ਪੈਦਾ ਕੀਤੇ ਜਾਣ, ਸਿੱਖਿਆ ਤੇ ਸਿਹਤ ਨੂੰ ਸਮੇਂ ਦੇ ਹਾਣੀ ਬਨਾਉਣ ਅਤੇ ਪੰਜਾਬ ਨੂੰ ਆਰਥਿਕ ਵਿਕਾਸ ਦੇ ਕੇਂਦਰ ਵਜੋਂ ਉਭਾਰ ਕੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਕੀਤੀਆਂ ਗਈਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਵੋਟਰਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਨ੍ਹਾਂ ਵਿਕਾਸਮੁਖੀ, ਸੁੱਖ ਸ਼ਾਂਤੀ ਤੇ ਰੁਜਗਾਰ ਦੀਆਂ ਪ੍ਰਾਪਤੀਆਂ ਦੇ ਮੁੱਦੇ ‘ਤੇ ਚੋਣ ਮੈਦਾਨ ‘ਚ ਕੁੱਦ ਕੇ ਲੋਕਾਂ ਦਾ ਫਤਵਾ ਪਾਰਟੀ ਦੇ ਉਮੀਦਵਾਰਾਂ ਲਈ ਹਾਸਿਲ ਕਰਕੇ ਸੂਬਾ ਮਾਨ ਸਰਕਾਰ ਤੇ ਪਾਰਟੀ ਸੁਪ੍ਰੀਮੋ ਕੇਜਰੀਵਾਲ ਦੇ ਹੱਥ ਹੋਰ ਮਜਬੂਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚੋਂ 13 ਸੀਟਾਂ ‘ਤੇ ਹੀ ਪਾਰਟੀ ਉਮੀਦਵਾਰਾਂ ਨੂੰ ਵੋਟਰਾਂ ਵੱਲੋਂ ਜੇਤੂ ਬਣਾਏ ਜਾਣ ਨਾਲ ਕੇਂਦਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਪੈਰ-ਪੈਰ ‘ਤੇ ਮਤਰਈ ਮਾਂ ਵਾਲੇ ਸਲੂਕ ਤੇ ਪੰਜਾਬ ਨਾਲ ਨਫਰਤ ਭਰੇ ਵਤੀਰੇ ਤੋਂ ਜਿੱਥੇ ਰਾਹਤ ਮਿਲੇਗੀ ਉੱਥੇ ਆਰਥਿਕ ਵਿਕਾਸ ਮਜਬੂਤ ਕਰਨ ਲਈ ਵੀ 13 ਸੀਟਾਂ ਦੀ ਜਿੱਤ ਇਕ ਗੇਮ ਚੇਂਜਰ ਵਜੋਂ ਉਭਰੇਗੀ। ਜਿਸ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ ਸਮੇਤ ਹੋਰ ਰੋਕੇ ਹੋਏ 8 ਹਜਾਰ ਕਰੋੜ ਰੁਪਏ ਦੇ ਫੰਡ ਮੁੜ ਪੰਜਾਬ ਨੂੰ ਦਿਵਾਉਣ ਲਈ ਪਾਰਟੀ ਦੇ ਜੇਤੂ ਸੰਸਦ ਮੈਂਬਰ ਇਕਸੁਰ ਹੋ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਸੰਸਦ ਵਿਚ ਆਵਾਜ਼ ਬੁਲੰਦ ਕਰਨਗੇ। ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਫੰਡ ਰੋਕ ਕੇ ਪੰਜਾਬ ਵਾਸੀਆਂ ਨੂੰ ਦਿੱਤੀ ਜਾ ਰਹੀ ਸਜਾ ਪੱਕੇ ਤੌਰ ‘ਤੇ ਖਤਮ ਹੋ ਜਾਵੇਗੀ।