ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ :
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਿੱਥੇ ਸਿਹਤ ਖੇਤਰ ਦੇ ਸੁਧਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਵੱਖੋ ਵੱਖ ਸੰਸਥਾਵਾਂ ਵੀ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ ਤੇ ਜ਼ਿਕਿਤਸਾ ਹੈਲਥਕੇਅਰ ਲਿਮਟਿਡ ਇਹਨਾਂ ਵਿਚੋਂ ਇਕ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਨੇ ਡਾ: ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਜ਼ਿਕਿਤਸਾ ਹੈਲਥਕੇਅਰ ਲਿਮਟਿਡ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਲਈ 100 ਵ੍ਹੀਲਚੇਅਰਾਂ ਦੇਣ ਸਬੰਧੀ ਕਰਵਾਏ ਸਮਾਗਮ ਦੌਰਾਨ ਕੀਤਾ।
ਜ਼ਿਕਰਯੋਗ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਐਮਰਜੈਂਸੀ ਮੈਡੀਕਲ ਸੇਵਾਵਾਂ (ਈਐਮਐਸ) ਪ੍ਰਦਾਤਾ, ਜ਼ਿਕਿਤਸਾ ਹੈਲਥਕੇਅਰ ਲਿਮਟਿਡ (ਜ਼ੈਡਐਚਐਲ), ਜਿਹੜੀ ਪਿਛਲੇ 13 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਾਜ ਵਿੱਚ 108 ਐਂਬੂਲੈਂਸ ਸੇਵਾਵਾਂ ਦਾ ਪ੍ਰਬੰਧਨ ਕਰ ਰਹੀ ਹੈ, ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਇਹ ਵ੍ਹੀਲਚੇਅਰਾਂ ਦਿੱਤੀਆਂ ਹਨ ਜਿਹੜੀਆਂ ਅੱਗੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਪਹੁੰਚਾਈਆਂ ਜਾਣਗੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਤੇ ਪ੍ਰਭਾਵਸ਼ਾਲੀ ਸਿਹਤ ਸਹੂਲਤਾਂ ਪ੍ਰਦਾਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਥਿਤੀਆਂ ਵਿੱਚ ਐਂਬੂਲੈਂਸ ਸੇਵਾਵਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜ਼ਿਕਿਤਸਾ ਹੈਲਥਕੇਅਰ ਸੂਬੇ ਦੇ ਲੋਕਾਂ ਨੂੰ ਐਂਬੂਲੈਂਸ ਸੇਵਾ ਪ੍ਰਦਾਨ ਕਰਨ ’ਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘ਮੈਂ 100 ਵ੍ਹੀਲਚੇਅਰਾਂ ਦਾਨ ਕਰਨ ਲਈ ਜ਼ਿਕਿਤਸਾ ਦੀ ਪ੍ਰਸ਼ੰਸਾ ਕਰਦਾ ਹਾਂ। ਇਸ ਪਹਿਲਕਦਮੀ ਨਾਲ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਬਹੁਤ ਲਾਭ ਹੋਵੇਗਾ। ਵ੍ਹੀਲਚੇਅਰ ਜੀਵਨ ਰੱਖਿਅਕ ਯੰਤਰਾਂ ਵਿੱਚੋਂ ਇੱਕ ਹੈ, ਜੋ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਲਿਜਾਣ ਵਿੱਚ ਮਦਦ ਕਰਦੀ ਹੈ, ਖਾਸ ਕਰਕੇ ਫ੍ਰੈਕਚਰ ਜਾਂ ਦੀਵਿਆਂਗਤਾ ਵਾਲੇ ਮਰੀਜ਼ਾਂ ਦੇ ਮਾਮਲੇ ਵਿੱਚ।’
ਜ਼ਿਕਿਤਸਾ ਹੈਲਥਕੇਅਰ ਦੇ ਪ੍ਰੋਜੈਕਟ ਹੈੱਡ ਸ੍ਰੀ ਮਨੀਸ਼ ਬੱਤਰਾ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਦਾਨ ਪੰਜਾਬ ਖੇਤਰ ਵਿੱਚ ਗਤੀਸ਼ੀਲਤਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੇ ਜੀਵਨ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾਵੇਗਾ। ਕਸਟਮਾਈਜ਼ਡ ਵ੍ਹੀਲਚੇਅਰ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਸੇਵਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ। ਇਸ ਨਾਲ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ ਹੋਵੇਗਾ। ਸਾਨੂੰ ਭਰੋਸਾ ਹੈ ਕਿ ਇਹ ਯੋਗਦਾਨ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕਰੇਗਾ।
ਜ਼ਿਕਰਯੋਗ ਹੈ ਕਿ ਜ਼ਿਕਿਤਸਾ ਹੈਲਥਕੇਅਰ ਲਿਮਿਟੇਡ ( ਜ਼ੈਡ 8 ਐੱਲ), ਏਸ਼ੀਆ ਦੀ ਪ੍ਰਮੁੱਖ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਵਾਲੀ ਕੰਪਨੀ ਹੈ। ਇਸ ਨੇ ਰਾਜ ਵਿੱਚ 2.8 ਮਿਲੀਅਨ ਤੋਂ ਵੱਧ ਲੋਕਾਂ ਦੀ ਸਫਲਤਾਪੂਰਵਕ ਸੇਵਾ ਕੀਤੀ ਹੈ। ਕੰਪਨੀ ਨੇ ਸਾਲ 2011 ਵਿੱਚ ਪੰਜਾਬ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਰਾਜ ਦੇ 23 ਜ਼ਿਲ੍ਹਿਆਂ ਵਿੱਚ ਸੇਵਾ ਦੇਣ ਲਈ 325 ਐਂਬੂਲੈਂਸਾਂ ਹਨ। ਜ਼ੈੱਡ.ਐੱਚ.ਐੱਲ ਡਾਇਲ 108 ਦਾ ਸੰਚਾਲਨ ਅਤੇ ਪ੍ਰਬੰਧਨ ਕਰਦਾ ਹੈ ਅਤੇ ਦੁਰਘਟਨਾਵਾਂ, ਦਿਲ ਦੇ ਦੌਰੇ, ਸਟ੍ਰੋਕ ਜਾਂ ਕਿਸੇ ਹੋਰ ਮੈਡੀਕਲ ਵਰਗੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਰਾਜ ਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਸੇਵਾ ਦਾ ਲਾਭ ਟੋਲ-ਫ੍ਰੀ ਨੰਬਰ 108 ‘ਤੇ ਕਾਲ ਕਰਕੇ ਲਿਆ ਜਾ ਸਕਦਾ ਹੈ, ਜਿਸ ਨੂੰ ਕਿਸੇ ਵੀ ਲੈਂਡਲਾਈਨ ਜਾਂ ਮੋਬਾਈਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਸਾਰੀਆਂ ਐਂਬੂਲੈਂਸਾਂ ਜੀਪੀਐਸ ਤਕਨਾਲੋਜੀ ਨਾਲ ਲੈਸ ਹਨ ਜੋ ਸੀਡੀਸੀ ਨੂੰ ਘੱਟੋ ਘੱਟ ਸਮੇਂ ਵਿੱਚ ਐਂਬੂਲੈਂਸ ਦਾ ਪਤਾ ਲਗਾਉਣ ਦੇ ਯੋਗ ਬਣਾਉਂਦੀਆਂ ਹਨ ਅਤੇ ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਵਿਸ਼ਵ ਪੱਧਰੀ ਸੇਵਾ ਲੋਕਾਂ ਲਈ ਬਿਲਕੁਲ ਮੁਫਤ ਹੈ।
ਸਮਾਗਮ ਵਿਚ ਚੇਅਰਮੈਨ ਪੀ.ਐਚ.ਐਸ.ਸੀ ਸ਼੍ਰੀ ਰਮਨ ਬਹਿਲ, ਐੱਮ.ਡੀ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐੱਸ., ਡਾਇਰੈਕਟਰ ਡਾ: ਅਨਿਲ ਗੋਇਲ, ਡਿਪਟੀ ਡਾਇਰੈਕਟਰ ਡਾ: ਬੋਪਾਰਾਏ, ਡਿਪਟੀ ਡਾਇਰੈਕਟਰ ਡਾ: ਸੰਗੀਤਾ ਜੈਨ, ਨੋਡਲ ਅਫ਼ਸਰ ਵਿਸ਼ਾਲ ਗਰਗ, ਸਿਵਲ ਸਰਜਨ ਡਾ: ਰੇਨੂੰ ਸਿੰਘ, ਡਾਇਰੈਕਟਰ ਪਿ੍ੰਸੀਪਲ ਡਾ: ਭਵਨੀਤ ਭਾਰਤੀ, ਡੀ.ਐਮ.ਸੀ. ਡਾ: ਪਰਵਿੰਦਰਪਾਲ ਕੌਰ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਡਾ. ਵਿਜੇ ਭਗਤ ਵੀ ਮੌਜੂਦ ਸਨ।