ਬਠਿੰਡਾ, 9 ਮਾਰਚ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਯੋਗ ਅਗਵਾਈ ਅਤੇ ਕੈਂਪਸ ਡਾਇਰੈਕਟਰ ਡਾ. ਕਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੇ ਸਥਾਨਕ ਸੈਂਟਰ ਵਿਖੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਵਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮਿਸ ਹਰਜੋਬਨ ਗਿੱਲ (ਪੀ.ਸੀ.ਐਸ ਜੁਡੀਸੀਅਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਦੌਰਾਨ ਮਿਸ ਹਰਜੋਬਨ ਗਿੱਲ ਨੇ ਆਪਣੀ ਸਫ਼ਲਤਾ ਦੇ ਸਫ਼ਰ ਉੱਪਰ ਚਾਨਣਾ ਪਾਉਂਦੇ ਹੋਏ ਸਭ ਨੂੰ ਆਪਣੇ ਨਿਰਧਾਰਿਤ ਲਕਸ਼ ਨੂੰ ਪ੍ਰਾਪਤ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਲਈ ਭਾਵੇਂ ਪਹਿਲਾਂ ਵਾਂਗ ਹੀ ਕਈ ਮੁਸ਼ਕਿਲਾਂ ਹਨ, ਪਰ ਅੱਜ ਔਰਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਰਾਬਰੀ ਦੀ ਹੱਕਦਾਰ ਹੈ।
ਇਸ ਮੌਕੇ ਐਮ.ਏ ਪੰਜਾਬੀ, ਅੰਗਰੇਜ਼ੀ ਅਤੇ ਅਰਥਸਾਸ਼ਤਰ ਦੇ ਵਿਦਿਆਰਥੀਆਂ ਵਲੋਂ ਸਾਹਿਤਕ ਤੇ ਕੋਮਲ ਕਲਾਵਾਂ ਵਿੱਚ ਭਾਗ ਲਿਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬਬਲਜੀਤ ਕੌਰ ਨੇ ਪਹਿਲਾ ਰਸ਼ਮੀ ਨੇ ਦੂਸਰਾ ਤੇ ਉਰਮਿਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਵਿ ਉਚਾਰਨ ਮੁਕਾਬਲੇ ਦੀ ਸ਼ੁਰੂਆਤ ਗੈਸਟ ਆਈਟਮ ਡਾ. ਸਿਮਰਜੀਤ ਕੌਰ ਦੀ ਕਵਿਤਾ “ਚਰਖੇ ਦੀ ਘੂਕ” ਨਾਲ ਕੀਤੀ ਗਈ।
ਇਸ ਦੌਰਾਨ ਕਾਵਿ ਉਚਾਰਨ ਮੁਕਾਬਲੇ ਵਿੱਚ ਸੁਖਪ੍ਰੀਤ ਕੌਰ ਨੇ ਪਹਿਲਾ, ਕੰਵਰਪਾਲ ਸਿੰਘ ਤੇ ਜਸ਼ਨਪ੍ਰੀਤ ਕੌਰ ਨੇ ਸੰਯੁਕਤ ਰੂਪ ਵਿੱਚ ਦੂਸਰਾ ਅਤੇ ਅਨਮੋਲ ਤੇ ਇਬਾਦਤ ਨੇ ਸੰਯੁਕਤ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਅਨਮੋਲ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਅਤੇ ਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿੱਚ ਕੁਈਨ ਕਾਲੀਨ ਕੌਰ ਅਤੇ ਸਾਥੀਆਂ ਨੇ ਪਹਿਲਾ ਅਤੇ ਦੁਰਗਾ ਅਤੇ ਉਸਦੇ ਸਾਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਮਾਗਮ ਦੌਰਾਨ ਵਿਭਾਗ ਦੇ ਮੁਖੀ ਡਾ. ਰਜਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਸਾਰੇ ਹਾਜ਼ਰੀਨ ਦੇ ਨਾਲ ਰੂਬਰੂ ਕਰਵਾਇਆ।
ਮੁੱਖ ਮਹਿਮਾਨ ਵਲੋਂ ਸਾਰੇ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਨਵਦੀਪ ਕੌਰ, ਡਾ. ਰਵਿੰਦਰ ਸਿੰਘ ਸੰਧੂ ਅਤੇ ਮਿਸ ਇੰਦਰਪ੍ਰੀਤ ਕੌਰ ਵਲੋਂ ਨਿਭਾਈ ਗਈ।