ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਮਾਰਚ:
ਅੱਜ ਪਿੰਡ ਸਿਆਉ ਵਿਖੇ 5.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਾਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ ਮੋਹਾਲੀ ਬਲਾਕ ਵਿਖੇ ਇਸ ਤਰ੍ਹਾਂ ਦੇ ਯੂਨਿਟ 19 ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯੂਨਿਟ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਯੂਨਿਟ ਦੇ ਲੱਗਣ ਨਾਲ ਪਿੰਡ ਵਿੱਚ ਕੂੜੇ ਦੀ ਸਾਂਭ -ਸੰਭਾਲ ਦੀ ਸਮੱਸਿਆ ਦੂਰ ਹੋ ਜਾਵੇਗੀ, ਕਿਉਂਕਿ ਪਿੰਡ ਦੇ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਕੇ ਇਸ ਯੂਨਿਟ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਕੰਪੋਸਟਿੰਗ ਵਿਧੀ ਰਾਹੀਂ ਖਾਦ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਘਰਾਂ ਤੋਂ ਕੂੜਾ ਚੁੱਕ ਕੇ ਇਸ ਯੂਨਿਟ ਤੱਕ ਪਹੁੰਚਾਉਣ ਲਈ ਰਹੇੜੀਆਂ, ਡਸਟਬਿਨ ਅਤੇ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਹੁਣ ਤੱਕ 42 ਹਜ਼ਾਰ 900 ਤੋਂ ਵੀ ਵੱਧ ਮੁਲਾਜ਼ਮ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਕੀਤੇ ਜਾ ਚੁੱਕੇ ਹਨ। ਉੁਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਤਰਜ਼ ’ਤੇ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਉਹਨਾਂ ਦੇ ਅਕਾੳੂਂਟ ਵਿੱਚ ਪੁੱਜ ਜਾਇਆ ਕਰਨਗੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕੁਝ ਕਿਹਾ ਜਾਂਦਾ ਹੈ ਉਹ ਪੂਰਾ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਪੰਜਾਬ ਭਰ ਦੇ ਵਿੱਚ ਖੇਡਾਂ ਦੇ ਪ੍ਰਤੀ ਉਹਨਾਂ ਦਾ ਰੁਝਾਨ ਵਧਾਉਣ ਦੇ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾ ਚੁੱਕਾ ਹੈ। ਹਰ ਪਿੰਡ ਅਤੇ ਸ਼ਹਿਰ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਇਹਨਾਂ ਦੇ ਵਿੱਚ ਲੋੜੀਂਦਾ ਖੇਡਾਂ ਦਾ ਸਮਾਨ ਵੀ ਖਿਡਾਰੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਅਸਲ ਵਿਰਾਸਤ ਅਤੇ ਸਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ-ਜੋ ਵੀ ਵਾਅਦੇ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਵਿੱਚ ਕੀਤੇ ਗਏ ਸਨ, ਉਹਨਾਂ ਸਾਰੇ ਵਾਅਦਿਆਂ ਅਤੇ ਗਰੰਟੀਆਂ ਨੂੰ ਦੋ ਸਾਲ ਪੂਰਾ ਹੋਣ ਦੇ ਵਕਫ਼ੇ ਵਿੱਚ ਹੀ ਪੂਰਾ ਕਰ ਲਿਆ ਗਿਆ।
ਇਸ ਮੌਕੇ ’ਤੇ ਐਸ.ਡੀ.ਐਮ. ਦੀਪਾਂਕਰ ਗਰਗ, ਨਾਇਬ ਤਹਸੀਲਦਾਰ ਅਮਰਪ੍ਰੀਤ ਸਿੰਘ, ਜੇ.ਈ.ਜਸਪਾਲ ਮਸੀਹ, ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ, ਰਾਜਿੰਦਰ ਸਿੰਘ, ਯਾਦਵਿੰਦਰ ਸਿੰਘ ਲਾਡੀ, ਮੰਗਲ ਸਿੰਘ ਸਰਪੰਚ, ਹਰਨੇਕ ਸਿੰਘ, ਅਵਤਾਰ ਸਿੰਘ ਮੌਲੀ, ਮੁਖਤਿਆਰ ਸਿੰਘ ਬਲਾਕ ਪ੍ਰਧਾਨ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਭੜਾ, ਮਿੱਠੂ ਸਰਪੰਚ, ਗੱਬਰ ਮੌਲੀ, ਡਾਕਟਰ ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਝਾਂਮਪੁਰ ਵੀ ਹਾਜ਼ਰ ਸਨ।