ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਾਰਚ:
ਸ. ਕੁਲਵੰਤ ਸਿੰਘ ਵਿਧਾਇਕ ਐਸ.ਏ.ਐਸ. ਨਗਰ ਮੋਹਾਲੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਐਸ.ਏ.ਐਸ. ਨਗਰ ਮੋਹਾਲੀ ਸ਼ਹਿਰ ਵਿਖੇ ਲੋਕਾਂ ਦੀ ਸੁਰੱਖਿਆ ਅਤੇ ਸੜ੍ਹਕਾਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੀਆਂ ਸੜ੍ਹਕਾਂ ਦੇ ਇੰਟਰ ਸੈਕਸ਼ਨਾਂ ਅਤੇ ਹੋਰ ਲੋੜੀਂਦੀਆਂ ਥਾਂਵਾਂ ’ਤੇ ਚੰਡੀਗੜ੍ਹ ਦੀ ਤਰਜ਼ ’ਤੇ ਹਾਈਟੈੱਕ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਲਾਏ ਗਏ ਸੁਆਲ ਦੇ ਜੁਆਬ ’ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਂਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਕੰਮ ਸਤੰਬਰ 2024 ਤੱਕ ਪੂਰਾ ਕਰ ਲੈਣ ਦਾ ਭਰੋਸਾ ਦਿੱਤਾ ਗਿਆ। ਜਿਸ ’ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਉੁਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ, ਔਰਤਾਂ, ਬੱਚਿਆਂ ਅਤੇ ਹਰ ਸ਼ਾਂਤੀ ਪਸੰਦ ਵਿਅਕਤੀ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ, ਪੁਲਿਸ ਫੋਰਸ ਤੇ ਕੰਮ ਦਾ ਬੋਝ ਘਟੇਗਾ, ਸੜ੍ਹਕੀ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ ਕਿਉਂਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਆਟੋਮੈਟਿਕ ਚਲਾਨ ਹੋ ਜਾਵੇਗਾ, ਜਿਸ ਨਾਲ ਸੜ੍ਹਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ’ਚ ਵੀ ਕਮੀ ਆਏਗੀ।