ਅਜਨਾਲਾ ਸ਼ਹਿਰ ਦੀ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ-ਧਾਲੀਵਾਲ

Amritsar

ਅੰਮ੍ਰਿਤਸਰ, 7 ਮਾਰਚ:

          ਪਿਛਲੀਆਂ ਸਰਕਾਰਾਂ ਨੇ ਬਾਰਡਰ ਦੇ ਹਲਕੇ ਦੀ ਕੋਈ ਵੀ ਸਾਰ ਨਹੀਂ ਲਈ ਜਿਸ ਕਰਕੇ ਅਜਨਾਲਾ ਹਲਕੇ ਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਿਆ ਅਤੇ ਸਾਡੀ ਸਰਕਾਰ ਸਿਆਸਤ ਕਰਨ ਲਈ ਨਹੀਂ ਸਗੋਂ ਸਿਆਸਤ ਵਿੱਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ।

          ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਨਗਰ ਪੰਚਾਇਤ ਅਜਨਾਲਾ ਦੀ ਮੀਟਿੰਗ ਕਰਦੇ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਪ੍ਰਾਜੈਕਟ ਮਨਜੂਰ ਹੋ ਚੁੱਕੇ ਹਨ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਪਹਿਲ ਦੇ ਅਧਾਰ *ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਅਜਨਾਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ  ਦੱਸਿਆ ਕਿ ਕੁਝ ਹੀ ਦਿਨਾਂ ਅੰਦਰ ਚੋਣ ਜਾਬਤਾ  ਲਾਗੂ ਹੋ ਜਾਵੇਗਾ ਜਿਸ ਕਰਕੇ ਵਿਕਾਸ ਦੇ ਕਾਰਜਾਂ ਵਿੱਚ ਕੁਝ ਸਮੇਂ ਲਈ ਖੜੋਤ ਆ ਜਾਵੇਗੀ ਪ੍ਰੰਤੂ ਆਉਂਦੇ 6 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਂਗੇ ਅਤੇ ਅਜਨਾਲੇ ਸ਼ਹਿਰ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਅਜਨਾਲਾ ਸ਼ਹਿਰ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਸਥਾਨ ਨਿਸ਼ਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਪਲਾਂਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਨਾਲਾ ਸਹਿਰ ਵਿੱਚ ਸੀ:ਸੀ:ਟੀ:ਵੀ ਕੈਮਰੇ, ਸਟਰੀਟ ਲਾਈਟਾਂ, ਮੁਹੱਲਾ ਕਲੀਨਿਕ ਵੀ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਘਰਾਂ ਦੇ ਨਜਦੀਕ ਹੀ ਸਾਰੀਆਂ ਸਿਹਤ ਸੁਵਿਧਾਵਾਂ ਮਿਲ ਰਹੀਆਂ ਹਨ।

          ਸ੍ਰ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਵਿੱਚ ਜਲਦ ਹੀ ਇਕ ਸਬ ਡਵੀਜਨ ਪੱਧਰ ਦਾ ਇਕ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ  ਜਿਥੇ ਸਾਡੇ ਬੱਚੇ ਖੇਡਾਂ ਨਾਲ ਜੁੜ ਸਕਣਗੇੇ। ਉਨ੍ਹਾਂ ਦੱਸਿਆ ਕਿ ਅਜਨਾਲੇ ਦਾ ਬਿਜਲੀ ਘਰ 66 ਕੇ:ਵੀ ਸਮਰਥਾ ਤੋਂ ਵਧ ਕੇ 220 ਕੇ:ਵੀ ਹੋਣ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਹਲਕੇ ਨਾਲ ਜੋ ਵੀ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਸਾਹ ਲਵਾਂਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਚੁਫੇਰੇ ਬਾਈਪਾਸ ਬਣਾ ਦੇ ਮੁੱਖ ਸੜਕਾਂ ਨੂੰ ਜੋੜਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

          ਇਸ ਮੀਟਿੰਗ ਵਿੱਚ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿਲੋਂ, ਕੌਂਸਲਰ ਰਮਿੰਦਰ ਕੌਰ ਮਾਹਲ, ਕੌਂਸਲਰ ਰਾਜਬੀਰ ਕੌਰ ਚਾਹਲ, ਕੌਂਸਲਰ ਗਿਆਨ ਕੌਰ, ਬਲਜਿੰਦਰ ਕੌਰ ਗਿੱਲ, ਕੌਂਸਲਰ ਨੰਦ ਲਾਲ ਅਤੇ ਕੌਂਸਲਰ ਅਵਿਨਾਸ਼ ਮਸੀਹ ਵੀ ਹਾਜਰ ਸਨ।