ਫ਼ਰੀਦਕੋਟ 06 ਮਾਰਚ, 2024
ਪਿਛਲੇ ਦਿਨੀ ਹੋਈ ਗੜ੍ਹੇਮਾਰੀ, ਮੀਂਹ ਅਤੇ ਹਨੇਰੀ ਕਾਰਨ ਫਸਲਾਂ ਤੇ ਹੋਏ ਮਾੜੇ ਅਸਰ ਦਾ ਨਿਰੀਖਣ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਜਾਖਾਨਾ, ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ), ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਵੱਲੋਂ ਬਲਾਕ ਕੋਟਕਪੂਰਾ ਦੇ ਸਰਕਲ ਬਾਜਾਖਾਨਾ ਅਧੀਨ ਪੈਂਦੇ ਪਿੰਡ ਡੋਡ, ਵਾੜਾ ਭਾਈਕਾ ਅਤੇ ਘਣੀਆਂ ਵਿਖੇ ਕਣਕ, ਸਰ੍ਹੋਂ ਅਤੇ ਛੋਲੇ ਆਦਿ ਫਸਲਾਂ ਦਾ ਨਿਰੀਖਣ ਕੀਤਾ ਗਿਆ।
ਨਿਰੀਖਣ ਦੌਰਾਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਿਹੜੇ ਇਲਾਕਿਆਂ ਵਿੱਚ ਗੜ੍ਹੇਮਾਰੀ ਨਹੀਂ ਹੋਈ ਉੱਥੇ ਹਲਕਾ ਜਾਂ ਦਰਮਿਆਨਾ ਮੀਂਹ ਇਹਨਾਂ ਫਸਲਾਂ ਲਈ ਲਾਹੇਵੰਦ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਦਾ ਪੱਕ ਰਹੀਆਂ ਫਸਲਾਂ ਉੱਪਰ ਮਾੜਾ ਅਸਰ ਪੈਂਦਾ ਹੈ ਪ੍ਰੰਤੂ ਜਿੱਥੇ ਵੀ ਤੇਜ਼ ਹਨੇਰੀ ਨਾਲ ਗੜ੍ਹੇਮਾਰੀ ਵੀ ਹੋਈ ਹੈ ਉੱਥੇ ਇਹ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਉਹਨਾਂ ਦੱਸਿਆ ਕਿ ਗੜ੍ਹੇਮਾਰੀ ਕਾਰਨ ਖਾਸ ਤੌਰ ਤੇ ਕਣਕ ਦੀ ਫਸਲ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਰਿਪੋਰਟ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਭੇਜੀ ਜਾਵੇਗੀ। ਪ੍ਰੰਤੂ ਝਾੜ ਤੇ ਹੋਣ ਵਾਲੇ ਅਸਰ ਦਾ ਸਹੀ ਅਨੁਮਾਨ ਫਸਲ ਕਟਾਈ ਤਜਰਬਿਆਂ ਉਪਰੰਤ ਹੀ ਲਗਾਇਆ ਜਾ ਸਕਦਾ ਹੈ।
ਇਸ ਸੰਬੰਧੀ ਉਹਨਾਂ ਦੱਸਿਆ ਕਿ ਫਸਲ ਕਟਾਈ ਤਜਰਬਿਆਂ ਲਈ ਫਸਲ ਕੱਟਣ ਸਮੇਂ ਵੱਖ-ਵੱਖ ਟੀਮਾਂ ਦਾ ਗਠਨ ਕਰਨ ਉਪਰੰਤ ਇਹ ਫਸਲ ਕਟਾਈ ਤਜਰਬੇ ਕਰਵਾ ਕਿ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਖੇਤੀ ਮਾਹਿਰਾਂ ਤੋਂ ਇਲਾਵਾ ਸ੍ਰੀਮਤੀ ਲਵਲੀਨ ਕੌਰ ਖੇਤੀ ਉੱਪ ਨਿਰੀਖਕ, ਸ੍ਰੀ ਨਰਿੰਦਰ ਕੁਮਾਰ ਖੇਤੀ ਉਪ ਨਿਰੀਖਕ, ਸ੍ਰੀ ਸੁਖਦੇਵ ਸਿੰਘ ਅਤੇ ਪਿੰਡ ਦੇ ਕਿਸਾਨ ਕੁਲਦੀਪ ਸਿੰਘ, ਜਗਦੀਪ ਸਿੰਘ, ਕਿਰਨਪਾਲ ਸਿੰਘ, ਬੱਬੂ ਵੜਿੰਗ ਆਦਿ ਹਾਜਰ ਸਨ।