ਬਠਿੰਡਾ, 5 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵੱਲੋਂ ਸਿੱਖਿਆ ਵਿਭਾਗ ਦੁਆਰਾ ਐਕਸਿਸ ਬੈਂਕ ਦੇ ਸਹਿਯੋਗ ਨਾਲ ਨਿਊ ਮੋਸ਼ਨ ਕੰਪਨੀ ਵੱਲੋਂ ਤਿਆਰ ਇਲੈਕਟ੍ਰੋਨਿਕ ਵੀਲ੍ਹ ਚੇਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਵਿੱਚ ਪੜ੍ਹ ਰਹੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਮੁਹੱਈਆ ਕਰਵਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵੱਲੋਂ ਲੋੜਵੰਦ ਵਿਦਿਆਰਥੀ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਪੁੱਤਰ ਨੂੰ ਸਕੂਲ ਆਉਣ-ਜਾਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਉਨ੍ਹਾਂ ਵਿਦਿਆਰਥੀ ਜਗਦੀਪ ਸਿੰਘ ਨੂੰ ਇਸ ਇਲੈਕਟ੍ਰੋਨਿਕ ਵੀਲ੍ਹ ਚੇਅਰ ਨੂੰ ਚਲਾਉਣ ਅਤੇ ਸਾਂਭ-ਸੰਭਾਲ ਲਈ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਬੱਚੇ ਦੇ ਮਾਪਿਆਂ ਨੇ ਇਲੈਕਟ੍ਰੋਨਿਕ ਵੀਲ੍ਹ ਚੇਅਰ ਮੁਹੱਈਆ ਕਰਵਾਉਣ ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਬੱਚੇ ਨੂੰ ਸਕੂਲ ਆਉਣ-ਜਾਣ ਲਈ ਦਿੱਕਤ ਨਹੀਂ ਆਵੇਗੀ। ਵਿਦਿਆਰਥੀ ਜਗਦੀਪ ਸਿੰਘ ਨੇ ਇਲੈਕਟ੍ਰੋਨਿਕ ਵੀਲ੍ਹ ਚੇਅਰ ਲੈਣ ਤੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਹੁਣ ਉਸ ਨੂੰ ਸਕੂਲ ਆਉਣਾ-ਜਾਣਾ ਸੁਖਾਲਾ ਹੋ ਜਾਵੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀ ਪੰਕਜ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਸਰੋਜ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ. ਇਕਬਾਲ ਸਿੰਘ, ਪ੍ਰਿੰਸੀਪਲ ਸਸਸਸ ਕੋਟਫੱਤਾ ਸ਼੍ਰੀ ਸੁਸ਼ੀਲ ਨਾਗਪਾਲ, ਐਕਸਿਸ ਬੈਂਕ ਤੋਂ ਸ਼੍ਰੀ ਸੰਦੀਪ ਸੋਨੂੰ, ਕਲੱਸਟਰ ਹੈਡ ਪ੍ਰੀਤਮ ਸਿੰਘ, ਜ਼ਿਲ੍ਹਾ ਸਪੈਸ਼ਲ ਸਿੱਖਿਆ ਅਧਿਆਪਕਾ ਮੈਡਮ ਬਲਜੀਤ ਕੌਰ ਤੋਂ ਇਲਾਵਾ ਵਿਦਿਆਰਥੀ ਦੇ ਮਾਪੇ ਆਦਿ ਹਾਜ਼ਰ ਸਨ।