ਬਠਿੰਡਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਜਗਰੂਪ ਗਿੱਲ

Bathinda

ਬਠਿੰਡਾ, 3 ਮਾਰਚ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਵੱਲੋਂ ਸਥਾਨਕ ਪਰਸ ਰਾਮ ਨਗਰ ਵਿਖੇ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਨੂੰ ਲੋਕ ਸਪਰਪਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ, ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ੍ਰੀ ਅਨਿਲ ਠਾਕੁਰ, ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਸ੍ਰੀ ਅੰਮਿਤ ਲਾਲ ਅਗਰਵਾਲ, ਡਾਇਰੈਕਟਰ ਪੰਜਾਬ ਵਾਟਰ ਰਿਸੋਰਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਸ. ਅਮਰਜੀਤ ਰਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸੂਬਾ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਹੀ ਪੰਜਾਬ ਵਿੱਚ 13 ਨਵੇਂ ਸਕੂਲ ਆਫ ਐਮੀਨੈਂਸ ਲੋਕ ਸਮਰਪਿਤ ਕੀਤੇ ਗਏ ਹਨ। ਜਿੰਨ੍ਹਾਂ ਵਿੱਚ 2 ਸਕੂਲ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਹਨ, ਜਿੰਨ੍ਹਾਂ ਵਿੱਚੋਂ ਇੱਕ ਸਕੂਲ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਅਤੇ ਦੂਜਾ ਸਕੂਲ ਆਫ਼ ਐਮੀਨੈਂਸ ਰਾਮਨਗਰ ਸ਼ਾਮਲ ਹੈ।

ਉਨਾਂ ਦੱਸਿਆ ਕਿ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਸਕੂਲ ਰਾਹੀਂ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਮਿਆਰੀ ਸਿੱਖਿਆ ਮਿਲੇਗੀ। ਇਸ ਸਕੂਲ ਵਿੱਚ ਸਾਰੀਆਂ ਲੈਬਜ਼ ਜਿੰਨ੍ਹਾਂ ਵਿੱਚ ਕੰਪਿਊਟਰ ਲੈਬ, ਸਾਇਸ ਲੈਬ, ਫਿਜ਼ਿਕਸ ਲੈਬ, ਕਮਿਸਟਰੀ ਲੈਬ, ਬਾਇਲੋਜ਼ੀ ਲੈਬ, ਗਾਰਮੈਂਟ ਮੇਕਿੰਗ, ਐਨ.ਐਸ.ਕਿਯੂ.ਐਫ ਦੀਆਂ ਹੈਲਥ ਲੈਬ ਅਤੇ ਕੰਸਟਰਕਸ਼ਨ ਲੈਬਜ਼ ਮੌਜੂਦ ਹੋਣ ਦੇ ਨਾਲ-ਨਾਲ ਸਕੂਲ ਵਿੱਚ ਪ੍ਰੋਜੈਕਟਰ, ਗਰੀਨ/ਵਾਈਟ ਬੋਰਡ, ਜਨਰੇਟਰ, ਸੋਲਰ ਸਿਸਟਮ, ਆਰ.ਓ, ਜਿੰਮ ਅਤੇ ਆਧੁਨਿਕ ਫਰਨੀਚਰ ਤੋਂ ਇਲਾਵਾ ਸਕੂਲ ਵਿੱਚ ਇੱਕ ਵੱਡੀ ਲਾਇਬ੍ਰੇਰੀ ਹੈ, ਜਿੱਥੇ 3357 ਕਿਤਾਬਾਂ ਉਪਲੱਬਧ ਹਨ। ਇਸ ਸਕੂਲ ਆਫ਼ ਐਮੀਨੈਂਸ ਲਈ ਕਰੀਬ 81.04 ਲੱਖ ਰੁਪਏ (ਸਿਵਲ ਅਤੇ ਇਲੈਕਟਰੀਕਲ) ਖਰਚ ਕੀਤਾ ਗਿਆ ਹੈ, ਜਿਸ ਵਿੱਚੋਂ 65 ਲੱਖ ਰੁਪਏ ਫਰਨੀਚਰ ਤੇ ਖਰਚਾ ਆਇਆ ਹੈ। ਇਸ ਤੋਂ ਇਲਾਵਾ ਸਿੱਖਿਆ ਅਭਿਆਨ ਤਹਿਤ 45 ਲੱਖ ਰੁਪਏ ਪ੍ਰਾਪਤ ਹੋਏ ਹਨ। ਇਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਚੰਗੀ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਅਕਤੀ ਦੇ ਜੀਵਨ ਦਾ ਮੁੱਢ ਹੁੰਦੀ ਹੈ ਅਤੇ ਚੰਗੀ ਸਿੱਖਿਆ ਗ੍ਰਹਿਣ ਕਰਕੇ ਹੀ ਸਾਡੇ ਬੱਚੇ ਭਵਿੱਖ ਦੇ ਚੰਗੇ ਨਾਗਰਿਕ ਬਣਨਗੇ।

ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਹੋਰ ਵੀ ਅਹਿਮ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਤਾਨੀਆਂ ਰੋਡ ਦੇ ਓਵਰ ਬ੍ਰਿਜ਼ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਜਨਤਾ ਨਗਰ ਦੇ ਪੁਲ ਦਾ ਨੀਂਹ ਪੱਥਰ ਵੀ ਜਲਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਗੁਰੂਕੁਲ ਰੋਡ ਤੋਂ ਰਿੰਗ ਰੋਡ ਤੱਕ ਨੇਚਰ ਪਾਰਕ ਮੰਨਜ਼ੂਰ ਹੋ ਚੁੱਕਾ ਹੈ, ਜਿਸ ਉਪਰ 2.57 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਹੀ ਗੋਨਿਆਣਾ ਰੋਡ ਤੋਂ ਲੈ ਕੇ ਰਿੰਗ ਰੋਡ 2 ਤੱਕ ਨਹਿਰ ਦੇ ਨਾਲ-ਨਾਲ 33 ਫੁੱਟ ਚੌੜੀ ਸੜਕ ਬਣਾਈ ਜਾਵੇਗੀ, ਜਿਸ ਤਹਿਤ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੈਰ ਆਦਿ ਲਈ ਸਹੂਲਤ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਰਿੰਗ ਰੋਡ 1 ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਪ੍ਰੈਲ ਤੱਕ ਇਹ ਰਿੰਗ ਰੋਡ 1 ਬਣ ਕੇ ਤਿਆਰ ਹੋ ਜਾਵੇਗੀ, ਜਿਸ ਨਾਲ ਬਠਿੰਡਾ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ।

ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਚ ਆਧੁਨਿਕ ਤਕਨੀਕ ਵਾਲੀਆਂ 10 ਡਾਇਲਸੈਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਬਠਿੰਡਾ ਤੋਂ ਇਲਾਵਾ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਵੀ ਇੱਥੇ ਪਹੁੰਚ ਕੇ ਸਸਤੇ ਰੇਟ ਤੇ ਡਾਇਲਸੈਸ ਕਰਵਾ ਰਹੇ ਹਨ। ਇਸੇ ਤਰ੍ਹਾਂ ਹੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪਾਇਲਟ ਪ੍ਰੋਜੈਕਟ ਤਹਿਤ 2 ਗਊਸ਼ਾਲਾਵਾਂ ਜਿੰਨ੍ਹਾਂ ਵਿੱਚ ਇੱਕ ਹਰਰਾਏਪੁਰ ਵਿਖੇ ਚੱਲ ਰਹੀ ਹੈ ਅਤੇ ਦੂਜੀ ਗਊਸ਼ਾਲਾ ਦਾ ਪਿੰਡ ਝੁੰਬਾ ਵਿਖੇ ਕੰਮ ਚੱਲ ਰਿਹਾ ਹੈ, ਜਿਸ ਉਪਰ 7.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਗਊਸ਼ਾਲਾ ਤਿਆਰ ਹੋਣ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ, ਉਥੇ ਹੀ ਬਠਿੰਡਾ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਤੋਂ ਨਿਜਾਤ ਮਿਲੇਗੀ।

ਪ੍ਰੋਗਰਾਮ ਦੇ ਅੰਤ ਵਿੱਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਸ਼੍ਰੀ ਸੁਖਦੀਪ ਸਿੰਘ ਢਿੱਲੋਂ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ, ਹੋਰਨਾਂ ਪਤਵੰਤਿਆਂ ਜਿੰਨ੍ਹਾਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਆਦਿ ਦਾ ਇੱਥੇ ਪਹੁੰਚਣ ਲਈ ਧੰਨਵਾਦ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ, ਸ਼ਹੀਦ ਸਿਪਾਹੀ ਸੰਦੀਪ ਸਿੰਘ ਦੀ ਭੈਣ ਸ਼੍ਰੀਮਤੀ ਅਤਿੰਦਰ ਕੌਰ, ਸਹਾਇਕ ਡਾਇਰੈਕਟਰ ਸਕੂਲ ਸ਼੍ਰੀ ਬਲਵਿੰਦਰ ਸਿੰਘ ਸੈਣੀ, ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਸ਼੍ਰੀ ਸੁਖਬੀਰ ਸਿੰਘ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਇਕਬਾਲ ਸਿੰਘ ਬੁੱਟਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਸ. ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਆਪ ਪਾਰਟੀ ਦੇ ਬਲਾਕ ਪ੍ਰਧਾਨ, ਮੋਹਤਬਰ ਆਗੂ, ਸਕੂਲ ਸਟਾਫ਼, ਸਕੂਲ ਪ੍ਰਬੰਧਕ, ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।