ਧਰਮਕੋਟ 2 ਮਾਰਚ:
ਭਾਰੀ ਬਹੁਮਤ ਨਾਲ ਲੋਕਾਂ ਨੇ ਬਣਾਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ, ਖਜਾਨੇ ਦਾ ਮੂੰਹ ਵਿਕਾਸ ਕਾਰਜਾਂ ਲਈ ਹਮੇਸ਼ਾ ਖੁੱਲ੍ਹਾ ਰਹੇਗਾ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਪੂਰੇ ਪੰਜਾਬ ਨੂੰ ਸੀਵਰੇਜਾਂ ਦੀ ਸਫਾਈ ਲਈ 570 ਸੁਪਰ ਸੈਕਸ਼ਨ ਮਸ਼ੀਨਾਂ ਦਿੱਤੀਆਂ ਜਾਣਗੀਆਂ, ਇਹਨਾਂ ਵਿਚੋਂ ਇੱਕ ਮਸ਼ੀਨ ਧਰਮਕੋਟ ਨੂੰ ਭੇਂਟ ਕੀਤੀ ਜਾਵੇਗੀ ਤਾਂ ਕਿ ਧਰਮਕੋਟ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਨਾ ਆ ਸਕੇ।ਇਸ ਸ਼ਕਤੀਸ਼ਾਲੀ ਤੇ ਆਧੁਨਿਕ ਤਕਨੀਕ ਵਾਲੀ ਮਸ਼ੀਨ ਨਾਲ ਧਰਮਕੋਟ ਤੋਂ ਇਲਾਵਾ ਕੋਟ ਈਸੇ ਖਾਂ ਤੇ ਫਤਹਿਗੜ੍ਹ ਪੰਜਤੂਰ ਵਿੱਚ ਸੀਵਰੇਜ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਫ਼ਾਈ ਹੋ ਸਕੇਗੀ।
ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਨੇ ਧਰਮਕੋਟ ਵਿੱਚ ਕੀਤਾ। ਉਹ ਅੱਜ ਇਥੇ ਧਰਮਕੋਟ ਲਈ ਬਣਾਏ ਗਏ 1 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬੱਸ ਸਟੈਂਡ ਦਾ ਉਦਘਾਟਨ ਕਰਨ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨਾਲ
ਹਲਕਾ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਹਲਕਾ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਸ੍ਰ ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਦੀਪਕ ਅਰੋੜਾ, ਐਸ ਡੀ ਐਮ ਸ਼੍ਰੀਮਤੀ ਚਾਰੂ ਮਿਤਾ, ਐਸ ਡੀ ਐਮ ਸਰੰਗਪ੍ਰੀਤ ਸਿੰਘ ਔਜਲਾ, ਕਮੇਟੀ ਪ੍ਰਧਾਨ ਗੁਰਮੀਤ ਮਖੀਜਾ ਤੋ ਇਲਾਵਾ ਵੱਖ ਵੱਖ ਪਿੰਡਾਂ ਤੋਂ ਆਏ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਨੇ ਧਰਮਕੋਟ ਵਾਸੀਆਂ ਨੂੰ ਨਵੇਂ ਬੱਸ ਸਟੈਂਡ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਸ ਨਵੇਂ ਬੱਸ ਸਟੈਂਡ ਨਾਲ ਹੁਣ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਜਾਵੇਗੀ ਅਤੇ ਲੋਕ ਬਿਨਾ ਕਿਸੇ ਮੁਸ਼ਕਿਲ ਤੋਂ ਬੱਸ ਸਟੈਂਡ ਵਿੱਚ ਬੱਸ ਸੇਵਾਵਾਂ ਲੈਣਗੇ। ਉਹਨਾਂ ਦੱਸਿਆ ਕਿ ਆਮ ਤੌਰ ਤੇ ਅਜਿਹੇ ਵਿਕਾਸ ਕਾਰਜ ਹੋਰ ਸਰਕਾਰਾਂ ਵਲੋਂ ਆਪਣੇ ਕਾਰਜਕਾਲ ਦੇ ਆਖਰੀ ਸਮਿਆਂ ਵਿੱਚ ਕੀਤੇ ਜਾਂਦੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਲੋਕ ਸੇਵਾ ਸ਼ੁਰੂ ਕਰ ਦਿੱਤੀ ਸੀ ਜਿਹੜੀ ਕਿ ਨਿਰੰਤਰ ਜਾਰੀ ਹੈ। ਪੰਜਾਬ ਸਰਕਾਰ ਨੇ ਹੁਣ ਤੱਕ 40 ਹਜ਼ਾਰ ਤੋਂ ਉੱਪਰ ਨੌਕਰੀਆਂ ਮੁੱਹਈਆ ਕਰਵਾ ਦਿੱਤੀਆਂ ਹਨ, ਬਿਨਾ ਕਿਸੇ ਸਿਫਾਰਿਸ਼ ਦੇ ਆਮ ਘਰਾਂ ਦੇ ਯੋਗ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। 650 ਤੋਂ ਉੱਪਰ ਮੁਹੱਲਾ ਕਲੀਨਿਕ ਬਣ ਚੁੱਕੇ ਹਨ ਅਤੇ ਹੋਰ ਵੀ ਬਹੁਤ ਸਾਰੇ ਮੁਹੱਲਾ ਕਲਿਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ। ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ 117 ਸਕੂਲ ਆਫ਼ ਐਮੀਨੇਸ ਬਣਾਏ ਗਏ ਹਨ। “ਆਪ ਸਰਕਾਰ ਆਪ ਦੇ ਦੁਆਰ” ਪ੍ਰੋਗਰਾਮ ਕਾਰਗਰ ਸਿੱਧ ਹੋ ਰਿਹਾ ਹੈ ਜਿਸ ਨਾਲ ਮੌਕੇ ਉੱਪਰ ਹੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਹੁਣ ਰੰਗਲੇ ਪੰਜਾਬ ਦੇ ਰੰਗ ਫਿਰ ਤੋਂ ਚਮਕਣੇ ਸ਼ੁਰੂ ਹੋ ਚੁੱਕੇ ਹਨ।
ਇਸ ਮੌਕੇ ਹਲਕਾ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਦੱਸਿਆ ਕਿ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਅੱਜ ਤੋਂ ਪੰਜ ਸਾਲ ਪਹਿਲਾਂ ਉਸ ਸਮੇਂ ਦੇ ਵਿੱਤ ਮੰਤਰੀ ਵੱਲੋਂ ਰੱਖਿਆ ਗਿਆ ਸੀ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਇਹ ਸਿਰਫ਼ ਨੀਂਹ ਪੱਥਰ ਹੀ ਰਿਹਾ। ਆਮ ਆਦਮੀ ਪਾਰਟੀ ਦੀ ਸਾਂਝ ਲੋਕਾਂ ਨਾਲ ਸਿਰਫ਼ ਵੋਟਾਂ ਤਕ ਸੀਮਤ ਨਹੀਂ ਹੈ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਸਰਕਾਰ ਖਾਸ ਧਿਆਨ ਕੇਂਦਰਿਤ ਕਰ ਰਹੀ ਹੈ। ਇਸੇ ਸਦਕਾ ਅੱਜ ਲੋਕਾਂ ਨੂੰ ਨਵਾਂ ਨੂੰ ਨਵਾਂ ਬੱਸ ਸਟੈਂਡ ਅਰਪਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਪੰਜਾਬ ਪ੍ਰਤੀ ਸਹੀ ਸੋਚ ਸਦਕਾ ਧਰਮਕੋਟ ਹਲਕੇ ਵਿੱਚ 10 ਕਰੋੜ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਉਹਨਾਂ ਮੰਤਰੀ ਜੀ ਦਾ ਧਰਮਕੋਟ ਲਈ ਸੁਪਰ ਸੈਕਸ਼ਨ ਮਸ਼ੀਨ ਦੇਣ ਦੇ ਐਲਾਨ ਲਈ ਧੰਨਵਾਦ ਕੀਤਾ।
ਉਹਨਾਂ ਅੱਗੇ ਕਿਹਾ ਕਿ ਪਹਿਲਾਂ ਧਰਮਕੋਟ ਲਈ ਫਾਇਰ ਬ੍ਰਿਗੇਡ ਮੰਗੀ ਗਈ ਸੀ ਮੰਤਰੀ ਨੇ ਇਕੱਲੀਆਂ 3 ਗੱਡੀਆਂ ਹੀ ਨਹੀਂ ਸਗੋਂ ਸਟਾਫ਼ ਵੀ ਮੁੱਹਈਆ ਕਰਵਾਇਆ। ਧਰਮਕੋਟ ਵਿੱਚ ਫਾਇਰ ਸਟੇਸ਼ਨ ਵੀ ਬਣ ਚੁੱਕਾ ਹੈ। ਕੋਟ ਈਸੇ ਖਾਂ ਵਿੱਚ 40 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਦਾ ਪ੍ਰੋਜੈਕਟ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਫਤਹਿਗੜ੍ਹ ਪੰਜਤੂਰ ਵਿੱਚ ਦੋ ਕਰੋੜ ਦੀ ਲਾਗਤ ਨਾਲ ਇਨਡੋਰ ਤੇ ਆਊਟਡੋਰ ਸਟੇਡੀਅਮ ਜਿਸ ਵਿੱਚ ਬੈਡਮਿੰਟਨ, ਵਾਲੀਬਾਲ, ਸਿੰਥੈਟਿਕ ਟਰੈਕ ਆਉਂਦਾ ਹੈ ਦਾ ਵੀ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ।
ਵਿਧਾਇਕ ਸਮੇਤ ਧਰਮਕੋਟ ਵਾਸੀਆਂ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ।