ਫਿਰੋਜ਼ਪੁਰ, 28 ਫ਼ਰਵਰੀ 2024.
ਸੂਬਾ ਵਾਸੀਆਂ ਨੂੰ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਨਤਕ ਰੇਤ ਖੱਡਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਅੱਕੂਵਾਲਾ ਹਿਠਾੜ ਵਿਖੇ ਰੇਤੇ ਦੀ ਖੱਡ ਦਾ ਉਦਘਾਟਨ ਕੀਤਾ ਗਿਆ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਚੌਥੇ ਅਤੇ ਪੰਜਵੇਂ ਪੜਾਅ ਤਹਿਤ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅੱਕੂਵਾਲਾ ਹਿਠਾੜ ਵਿਖੇ ਰੇਤੇ ਦੀ ਖੱਡ ਨੂੰ ਲੋਕ ਅਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਹੁਣ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਈਨਿੰਗ ਅਫ਼ਸਰ ਸ੍ਰੀ ਗਿਤੇਸ਼ ਉਪਵੇਜਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 6 ਜਨਤਕ ਖੱਡਾਂ ਚੱਲਣ ਜਾ ਰਹੀਆਂ ਹਨ ਜਿਸ ਵਿੱਚ ਮਮਦੋਟ ਉਤਾੜ, ਚੰਗਾਲੀ ਜਦੀਦ, ਚੁਗੱਤੇਵਾਲਾ – 2, ਅੱਕੂਵਾਲਾ ਹਿਠਾੜ, ਨਜ਼ਮਵਾਲਾ 1,2,3 ਅਤੇ ਗਿੱਲਾਂਵਾਲਾ। ਉਨ੍ਹਾਂ ਦੱਸਿਆ ਕਿ ਇਹਨਾਂ ਜਨਤਕ ਖੱਡਾਂ ਵਿਚੋ ਨਿਕਲਣ ਵਾਲੇ ਰੇਤੇ ਦੀ ਸਲਾਨਾ ਮਿਕਦਾਰ 1 ਲੱਖ 78 ਹਜ਼ਾਰ 400 ਮਿਟ੍ਰਿਕ ਟਨ ਹੈ। ਇਹ ਜਨਤਕ ਖੱਡਾਂ ਮਜਦੂਰਾਂ ਰਾਹੀ ਮੈਨੁਅਲ ਚਲਾਈਆਂ ਜਾਣਗੀਆਂ ਅਤੇ ਭਰਾਈ ਦਾ ਮੁੱਲ ਟ੍ਰੈਕਟਰ ਟਰਾਲੀ ਚਾਲਕਾ ਨੂੰ ਮਜ਼ਦੂਰਾ ਨੂੰ ਦੇਣਾ ਪਏਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੱਡਾਂ ਤੇ ਮਿਲਣ ਵਾਲੇ ਰੇਤ ਦਾ ਮੁੱਲ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਹੋਏਗਾ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਸ੍ਰੀ ਮਹਿਲ ਸਿੰਘ ਅੱਕੂਵਾਲਾ, ਸ੍ਰੀ ਹਰਜਿੰਦਰ ਸਿੰਘ ਅੱਕੂਵਾਲਾ, ਸ੍ਰੀ ਚਮਕੌਰ ਸ਼ਰਮਾ, ਸ੍ਰੀ ਜਰਨੈਲ ਸਿੰਘ, ਸ੍ਰੀ ਦਵਿੰਦਰ ਸਿੰਘ, ਸ੍ਰੀ ਸੁਰਜੀਤ ਸਿੰਘ ਸੰਧੂ, ਸ੍ਰੀ ਪ੍ਰਗਟ ਸਿੰਘ ਮੱਲ, ਸ੍ਰੀ ਗੁਰਭੇਜ ਸਿੰਘ ਆਦਿ ਹਾਜ਼ਰ ਸਨ।