ਕੋਕਰੀ ਕਲਾਂ (ਮੋਗਾ), 22 ਫਰਵਰੀ – ਇੰਡੀਅਨ ਕਾਉਂਸਿਲ ਫਾਰ ਐਗਰੀਕਲਚਰ ਰਿਸਰਚ ਦੇ ਅਨੁਸੂਚਿਤ ਜਾਤੀ ਉੱਪ ਯੋਜਨਾ ਪ੍ਰੋਗਰਾਮ ਤਹਿਤ ਪਿੰਡ ਕੋਕਰੀ ਕਲਾਂ ਵਿੱਚ ਮੱਕੀ ਦੀਆਂ ਬਿਹਤਰ ਤਕਨੀਕਾਂ ਰਾਹੀਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਇੱਕ ਰੋਜ਼ਾ ਸਿਖਲਾਈ ਅਤੇ ਸਪਰੇਅ ਪੰਪ ਵੰਡ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਭਾਰਤੀ ਮੱਕੀ ਖੋਜ ਸੰਸਥਾਨ, ਲੁਧਿਆਣਾ, ਇੰਡਿਅਨ ਕਾਉਂਸਿਲ ਫਾਰ ਐਗਰੀਕਲਚਰ ਰਿਸਰਚ, ਗ੍ਰਾਂਟ ਥੋਰਨਟਨ ਭਾਰਤ ਅਤੇ ਐਚ.ਡੀ.ਐੱਫ. ਸੀ. ਪਰਿਵਰਤਨ ਪ੍ਰੋਜੈਕਟ ਵੱਲੋਂ ਮੱਕੀ ਦੀਆਂ ਤਕਨੀਕਾਂ ਵਿੱਚ ਸੁਧਾਰ ਕਰਕੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਸਬੰਧੀ ਇਹ ਕੰਮ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਮੋਗਾ ਜ਼ਿਲ੍ਹੇ ਦੇ ਮੋਗਾ 1, ਮੋਗਾ 2 ਅਤੇ ਬਾਘਾਪੁਰਾਣਾ ਕਲੱਸਟਰਾਂ ਵਿਚੋਂ ਤਿੰਨ ਕਿਸਾਨ ਉਤਪਾਦਕ ਕੰਪਨੀਆਂ (ਐਫ.ਪੀ.ਸੀ.) ਤੋਂ 95 ਅਗਾਂਹਵਧੂ ਅਨੁਸੂਚਿਤ ਜਾਤੀ ਔਰਤਾਂ ਕਿਸਾਨਾਂ ਨੇ ਭਾਗ ਲਿਆ। ਹਰੇਕ ਲਾਭਪਾਤਰੀ ਨੂੰ ਸਪਰੇਅ ਪੰਪ ਵੰਡੇ ਗਏ।
ਸਿਖਲਾਈ ਪ੍ਰੋਗਰਾਮ ਦੌਰਾਨ ਇਨ੍ਹਾਂ ਮਹਿਲਾ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ ਬਾਰੇ ਗਿਆਨ ਦਿੱਤਾ ਗਿਆ । ਡਾ. ਭਾਰਤ ਭੂਸ਼ਣ, ਸੀਨੀਅਰ ਵਿਗਿਆਨੀ, ਲੁਧਿਆਣਾ ਅਤੇ ਪ੍ਰੋਗਰਾਮ ਦੇ ਇੰਚਾਰਜ ਨੇ ਪੇਂਡੂ ਭਾਈਚਾਰਿਆਂ ਵਿੱਚ ਟਿਕਾਊ ਆਜੀਵਿਕਾ ਸਿਰਜਣ ਅਤੇ ਸਮਾਜਿਕ-ਆਰਥਿਕ ਤਬਦੀਲੀ ਲਈ ਸੰਸਥਾ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਡਾ. ਪੀ.ਐਚ. ਰੋਮਨ ਸ਼ਰਮਾ, ਵਿਗਿਆਨੀ, ਲੁਧਿਆਣਾ ਨੇ ਘੱਟੋ-ਘੱਟ ਖਰਚੇ ਨਾਲ ਫਸਲਾਂ ਦੀ ਪੈਦਾਵਾਰ ਨੂੰ ਅਨੁਕੂਲ ਬਣਾਉਣ ਲਈ ਸਭ ਤੋਂ ਵਧੀਆ ਤਰੀਕੇ ਨਾਲ ਖੇਤੀ ਵਿਧੀ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਗ੍ਰਾਂਟ ਥੋਰਨਟਨ ਭਾਰਤ ਐਲ.ਐਲ.ਪੀ. ਦੇ ਮੈਨੇਜਰ ਸ੍ਰੀ ਮਨਪ੍ਰੀਤ ਸਿੰਘ, ਸੁਮਿਤ ਸਹਾਰਨ, ਸ਼ਿਖਾ ਕਪੂਰ, ਅਤੇ ਗ੍ਰਾਂਟ ਥੋਰਨਟਨ ਭਾਰਤ ਬਰਨਾਲਾ ਟੀਮ ਦੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ।