ਅਲਿਮਕੋ ਵੱਲੋਂ ਦਿਵਿਆਂਗਜਨਾਂ ਲਈ ਸਿਵਲ ਹਸਪਤਾਲ ਖੰਨਾ ਵਿਖੇ ਅਸੈਸਮੈਂਟ ਕੈਂਪ ਆਯੋਜਿਤ

Ludhiana

ਖੰਨਾ/ਲੁਧਿਆਣਾ, 20 ਫਰਵਰੀ (000) – ਅਲਿਮਕੋ ਵੱਲੋਂ ਸਿਵਲ ਹਸਪਤਾਲ, ਖੰਨਾ ਵਿਖੇ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਸਮਾਜਿਕ ਸੁੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਦੇ ਲਈ ‘ਆਪ’ ਦੀ ਸਰਕਾਰ, ਆਪ ਦੇ ਦੁਆਰ ਮੁਹਿੰਮ ਤਹਿਤ ਕੈਂਪ ਲਗਾਏ ਜਾ ਰਹੇ ਹਨ, ਇਸੇ ਲੜੀ ਨੂੰ ਅੱਗੇ ਤੌਰਦੇ ਹੋਇਆ ਅੱਜ ਅਲਿਮਕੋ ਸੰਸਥਾ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਇਆ ਗਿਆ।

ਕੈਪ ਦੌਰਾਨ ਸੁਪਰਵਾਈਜ਼ਰ ਆਰੁਸ਼ੀ ਵੱਲੋ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆ ਦੀ ਪੈਨਸ਼ਨ ਅਤੇ ਦਿਵਿਆਂਗਜਨਾ ਦੀ ਭਲਾਈ ਲਈ ਪੈਨਸ਼ਨ ਸਬੰਧੀ ਆਫਲਾਈਨ ਫਾਰਮ ਵੀ ਭਰੇ ਗਏ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਅਲਿਮਕੋ ਵੱਲੋ ਭਲਕੇ 21 ਫਰਵਰੀ ਨੂੰ ਸਮਾਜ ਭਲਾਈ ਕੰਪਲੈਕਸ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ, ਗਿਲ ਰੋਡ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਅਤੇ 22 ਫਰਵਰੀ ਨੂੰ ਗੁਰੂ ਅਮਰਦਾਸ ਆਸ਼ਰਮ, ਪਿੰਡ ਸਰਾਭਾ, ਜਿਲ੍ਹਾ ਲੁਧਿਆਣਾ ਵਿਖੇ ਅਸੈਸਮੈਂਟ ਕੈਂਪ ਲੱਗਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪਾ ਦੌਰਾਨ ਦਿਵਿਆਗਜਨ ਵਿਅਕਤੀਆਂ ਨੂੰ ਬਣਾਉਟੀ ਅੰਗਾਂ ਦੀ ਵੰਡ ਕਰਨ ਲਈ ਅਸੈਸਮੈਂਟ ਕੀਤੀ ਜਾਵੇਗੀ.

ਅਲਿਮਕੋ ਕੈਂਪ ਦੌਰਾਨ ਕੀਤੀ ਜਾਣ ਵਾਲੀ ਅਸੈਸਮੈਂਟ ਲਈ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਆਮਦਨ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਕਾਰਡ ਜਾਂ ਸਿਵਲ ਸਰਜਨ, ਲੁਧਿਆਣਾ ਵੱਲੋ ਜਾਰੀ ਕੀਤਾ ਗਿਆ ਦਿਵਿਆਂਗਤਾ ਸਰਟੀਫਿਕੇਟ ਨਾਲ ਲੈ ਕੇ ਆਉਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਦਿਵਿਆਗਜਨਾ ਦੀ ਅਸੈਸਮੈਂਟ ਦੇ ਨਾਲ-ਨਾਲ ਕੈਂਪ ਦੌਰਾਨ ਰੁਦਰਾ ਆਸਰਾ ਸੈਂਟਰ ਬਠਿੰਡਾ ਵੱਲੋ ਆਰ.ਵੀ.ਵਾਈ. ਸਕੀਮ ਤਹਿਤ ਸੀਨੀਅਰ ਸਿਟੀਜਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਇਸ ਰਜਿਸਟਰੇਸ਼ਨ ਤਹਿਤ ਸੀਨੀਅਰ ਸਿਟੀਜ਼ਨਾ ਨੂੰ ਕਮਰ ਵਾਲੀ ਬੈਲਟ, ਫੋਹੜੀਆਂ, ਕੰਨਾਂ ਵਾਲੀ ਮਸ਼ੀਨ, ਖੁੰਡੀਆਂ, ਵਹੀਲਚੇਅਰ ਆਦਿ ਵੀ ਦਿੱਤੇ ਜਾਣਗੇ। ਆਰ.ਵੀ.ਵਾਈ. ਸਕੀਮ ਤਹਿਤ ਲਾਭਪਾਤਰੀ ਦੀ ਉਮਰ 60 ਸਾਲ ਜਾ ਉਸ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਸੀਨੀਅਰ ਸਿਟੀਜ਼ਨ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਆਮਦਨ ਸਰਟੀਫਿਕੇਟ ਨਾਲ ਸੰਪਰਕ ਕਰ ਸਕਦੇ ਹਨ।

ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।