ਮੋਗਾ, 15 ਫਰਵਰੀ – ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਲਾਨ ਸਕੀਮ ਐਨ ਆਰ ਆਈ -1 ਅਧੀਨ ਪਿੰਡਾਂ ਦੇ ਵਿਕਾਸ ਦਾ ਰਾਹ ਖੁੱਲ੍ਹ ਗਿਆ ਹੈ। ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਣ ਵਾਲੇ ਐਨ ਆਰ ਆਈ ਪੰਜਾਬੀ ਇਸ ਸਕੀਮ ਅਧੀਨ ਆਪਣੇ ਪਿੰਡਾਂ ਦਾ ਵਿਕਾਸ ਕਰਾਉਣ ਲਈ ਅੱਗੇ ਆਏ ਹਨ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਣ ਵਾਲੇ ਚੋਣਵੇਂ ਐਨ ਆਰ ਆਈ ਪੰਜਾਬੀਆਂ ਨਾਲ ਅੱਜ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਲਾਨ ਸਕੀਮ ਐਨ ਆਰ ਆਈ -1 ਅਧੀਨ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੁੱਲ ਪ੍ਰੋਜੈਕਟ ਲਾਗਤ ਲਈ 50 ਫੀਸਦੀ ਗਰਾਂਟ ਜਾਰੀ ਕੀਤੀ ਜਾਂਦੀ ਹੈ ਜਦਕਿ 50 ਫੀਸਦੀ ਯੋਗਦਾਨ ਐਨ ਆਰ ਆਈ ਪੰਜਾਬੀਆਂ ਵੱਲੋਂ ਪਾਇਆ ਜਾਂਦਾ ਹੈ। ਇਸ ਸਕੀਮ ਅਧੀਨ ਕੀਤੇ ਜਾਂ ਵਾਲੇ ਕੰਮਾਂ ਵਿੱਚ ਐਨ ਆਰ ਆਈ ਪੰਜਾਬੀਆਂ ਵੱਲੋਂ ਸਿੱਧੇ ਤੌਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਹੜੇ ਕੰਮ ਕਰਵਾਏ ਜਾਣੇ ਹੁੰਦੇ ਹਨ, ਉਹ ਵੀ ਐਨ ਆਰ ਆਈ ਪੰਜਾਬੀਆਂ ਦੀ ਸਲਾਹ ਨਾਲ ਹੀ ਚੁਣੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਐਨ ਆਰ ਆਈ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਲਾਨ ਸਕੀਮ ਐਨ ਆਰ ਆਈ-1 ਦਾ ਪੂਰਾ ਲਾਭ ਲੈਣ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਐਨ ਆਰ ਆਈ ਪੰਜਾਬੀ ਆਪਣੇ ਪਿੰਡਾਂ ਨੂੰ ਵਿਕਾਸ ਦੇ ਰਾਹ ਉੱਤੇ ਲਿਜਾਣ ਲਈ ਅਗਵਾਈ ਕਰਨ। ਉਹਨਾਂ ਕਿਹਾ ਕਿ ਇਸ ਸਬੰਧੀ ਪ੍ਰਸਤਾਵ 18 ਫਰਵਰੀ ਸੋਮਵਾਰ ਤੱਕ ਭੇਜੇ ਜਾਣ ਤਾਂ ਜੋ ਉਹ ਅੱਗੇ ਪੰਜਾਬ ਸਰਕਾਰ ਨੂੰ ਭੇਜੇ ਜਾ ਸਕਣ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਐਨ ਆਰ ਆਈ ਪੰਜਾਬੀ ਪਿੰਡਾਂ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਡਿਪਟੀ ਕਮਿਸ਼ਨਰ ਨੇ ਕੁਝ ਪਿੰਡਾਂ ਚੂਹੜ ਚੱਕ, ਰੋਡੇ, ਆਲਮਵਾਲਾ, ਢੁੱਡੀਕੇ ਆਦਿ ਵਿੱਚ ਐਨ ਆਰ ਆਈ ਪੰਜਾਬੀ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਸ਼ੁਭੀ ਆਂਗਰਾ, ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਐਨ ਆਰ ਆਈ ਪੰਜਾਬੀ ਹਾਜ਼ਰ ਸਨ।