ਰਾਜ ਪੱਧਰੀ ਬਸੰਤ ਮੇਲੇ ਵਿੱਚ ਖਿੱਚ ਦਾ ਕੇਂਦਰ ਰਹੇਗਾ ਸੱਭਿਆਚਾਰਕ ਪ੍ਰੋਗਰਾਮ

Ferozepur

ਫਿਰੋਜ਼ਪੁਰ 7 ਫਰਵਰੀ 
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਬਸੰਤ ਮੇਲੇ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ  ਅਤੇ ਮੁਕਾਬਲੇ  ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ।   ਉੱਥੇ ਮਿਤੀ 10 ਤੇ 11  ਫਰਵਰੀ ਦੇ ਮੁੱਖ ਸਮਾਗਮ ਮੌਕੇ  ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ  ਰਹੇਗਾ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਲਈ ਸੱਭਿਆਚਾਰਕ ਕਮੇਟੀ ਦੀ ਇੱਕ ਮੀਟਿੰਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਜੇਸ਼ ਧੀਮਾਨ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਅਤੇ ਨੋਡਲ ਅਫਸਰ ਸੱਭਿਆਚਾਰ ਕਮੇਟੀ ਡਾ. ਸਤਿੰਦਰ ਸਿੰਘ ਨੈਸ਼ਨਲ  ਅਵਾਰਡੀ  ਦੀ ਅਗਵਾਈ ਹੇਠ ਹੋਈ ,ਜਿਸ ਵਿੱਚ  ਫਿਲਮੀ ਕਲਾਕਾਰ ਤੇ ਮੰਚ ਸੰਚਾਲਕ ਹਰਿੰਦਰ ਭੁੱਲਰ, ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਸਰਬਜੀਤ ਸਿੰਘ ਭਾਵੜਾ, ਬਲਕਾਰ ਗਿੱਲ, ਪ੍ਰਗਟ ਗਿੱਲ, ਤਰਸੇਮ ਅਰਮਾਨ  ਆਦਿ ਕਮੇਟੀ ਮੈਂਬਰ ਸਾਹਿਬਾਨ ਨੇ ਭਾਗ ਲਿਆ।

ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਰਾਜ ਪੱਧਰੀ ਬਸੰਤ ਮੇਲੇ ਦੌਰਾਨ ਸਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇਗਾ ਜਿਸ ਵਿੱਚ ਵਿਸ਼ਵ ਪ੍ਰਸਿੱਧ  ਗਾਇਕ ਕਲਾਕਾਰ ਅੰਮ੍ਰਿਤ ਮਾਨ, ਜਗਜੀਤ ਜੀਤੀ  ਅਤੇ ਹੋਰ ਉੱਚ ਕੋਟੀ ਦੇ ਕਲਾਕਾਰ ਭਾਗ ਲੈ ਰਹੇ ਹਨ, ਉੱਥੇ ਫਿਰੋਜ਼ਪੁਰ ਦੇ ਮਾਣ ਮੱਤੇ ਗਾਇਕ ਕਵਲਜੀਤ ਸਿੰਘ ਜੈਲਾ ਸੰਧੂ, ਹਰਿੰਦਰ ਭੁੱਲਰ, ਗੁਰਨਾਮ ਸਿੱਧੂ , ਕਮਲ ਦਰਾਵੜ , ਲੰਕੇਸ਼ ਦਰਾਵੜ, ਚਾਂਦ ਬਜਾਜ ਲੋਕ ਗਾਇਕ ਪ੍ਰਗਟ ਗਿੱਲ, ਗੀਤਕਾਰ ਤੇ ਗਾਇਕ ਬਲਕਾਰ ਗਿੱਲ, ਬੋਹੜ ਗਿੱਲ ਮਾਣੇ ਵਾਲੀਆ, ਮਨਵੀਰ ਝੋਕ , ਸਤੀਸ਼ ਕੁਮਾਰ ਤਲਵੰਡੀ ਭਾਈ ਆਪਣੀ ਕਲਾ ਦਾ ਮੁਜਾਹਿਰਾ ਕਰਨਗੇ । ਗਾਇਕੀ ਤੋਂ ਇਲਾਵਾ ਰਵਾਇਤੀ ਲੋਕ ਨਾਚਾਂ ਦੀਆਂ ਵਣਗੀਆਂ ਦੀ ਪੇਸ਼ਕਾਰੀ ਵੀ ਮੰਚ ਤੋਂ ਹੋਵੇਗੀ।

ਡਾ ਸਤਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਦਾ ਮਾਣਮੱਤਾ ਤਿਉਹਾਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਰਾਜ ਪੱਧਰ ਤੇ ਮਨਾਇਆ ਜਾ ਰਿਹਾ ਹੈ ।  ਇਹ ਰਾਜ ਪੱਧਰੀ ਬਸੰਤ ਮੇਲਾ ਸਭਨਾ  ਫਿਰੋਜ਼ਪੁਰ  ਵਾਸੀਆਂ ਦਾ ਸਾਂਝਾ ਮੇਲਾ ਹੈ ਅਤੇ ਇਸ ਵਿੱਚ ਫਿਰੋਜਪੁਰ ਦੇ ਉਭਰ ਰਹੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਤੇ ਮੌਕਾ ਦਿੱਤਾ ਜਾਵੇਗਾ, ਉਹ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਵੱਖ ਵੱਖ ਕਲਾ ਵਣਗੀਆਂ ਜਿਵੇਂ ਲੋਕ ਨਾਚ, ਲੋਕ ਗੀਤ, ਲੋਕ ਸਾਜ, ਗਰੁੱਪ ਨਾਚ, ਕੋਰਿਓਗ੍ਰਾਫੀ, ਮਮਿਕਰੀ  ਆਦਿ  ਉਹਨਾਂ  ਵੱਖ-ਵੱਖ ਸਕੂਲਾਂ ਕਾਲਜਾਂ  ਡਾਂਸ ਅਕੈਡਮੀਆਂ ਨੂੰ ਖਾਸ ਕਰ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੇ ਉਭਰ ਰਹੇ ਕਲਾਕਾਰਾਂ ਨੂੰ ਜ਼ਰੂਰ ਇਸ ਮੇਲੇ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਅੰਦਰ ਛੁਪੀ ਕਲਾ ਨੂੰ ਜਨਤਾ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲ ਸਕੇ।    ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਡਾ. ਗਜਲਪ੍ਰੀਤ ਸਿੰਘ ਰਜਿਸਟਰਾਰ, ਸ਼ਲਿੰਦਰ ਕੁਮਾਰ, ਦੀਪਕ ਸ਼ਰਮਾ, ਚਰਨਜੀਤ ਸਿੰਘ ਅਤੇ ਰਾਹੁਲ ਛਾਰੀਆ, ਗੁਰਪ੍ਰੀਤ ਸਿੰਘ, ਰਾਹੁਲ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।