ਫਾਜ਼ਿਲਕਾ, 05 ਫਰਵਰੀ
ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ ਸਿਹਤ ਵਿਭਾਗ ਵਲੋਂ ਰਾਸ਼ਟਰੀ ਡੀ ਵਾਰਮਿੰਗ ਦਿਵਸ ਤਹਿਤ 1 ਤੋਂ 2 ਤੱਕ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਉਣ ਸਬੰਧੀ ਜਿਲ੍ਹਾ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤੋਂ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਯੋਗ ਅਗਵਾਈ ਵਿੱਚ ਕੀਤੀ ਗਈ।
ਪ੍ਰੋਗਰਾਮ ਦੌਰਾਨ ਡਾ. ਕਵਿਤਾ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕੀਤਾ ਅਤੇ ਅਲਬੈਂਡਾਜੋਲ ਗੋਲੀਆਂ ਖਵਾਉਣ ਦਾ ਮਹੱਤਵ ਦੱਸਿਆ ਤੇ ਖਾਣ ਪੀਣ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਡੀਆਈਓ ਡਾ. ਐਰਿਕ ਐਡੀਸਨ, ਸਕੂਲ ਪ੍ਰਿੰਸੀਪਲ ਅਤੇ ਸਕੂਲ ਸਟਾਫ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮੋਕੇ 1 ਤੋਂ 2 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਸਿਰਪ ਪਿਲਾਇਆ ਗਿਆ ਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਡੋਜ਼ ਦੇਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪੂਰੇ ਜਿਲੇ ਵਿੱਚ ਬੱਚਿਆਂ ਨੂੰ ਅਲਬੈਂਡਾਜੋਲ ਸਿਰਪ ਅਤੇ ਅਲਬੈਂਡਾਜੋਲ ਗੋਲੀ ਦੀ ਡੋਜ਼ ਦਿੱਤੀ ਜਾਏਗੀ। ਉਹਨਾਂ ਦਸਿਆ ਕਿ ਜਿਲੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ, ਕਿਸੇ ਕਾਰਨ ਸਕੂਲ ਨਾ ਆਉਣ ਵਾਲੇ 1 ਤੋਂ 2 ਸਾਲ ਤੱਕ ਦੇ ਬਚਿਆਂ ਨੂੰ ਸਿਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਇਹ ਡੋਜ਼ ਦਿੱਤੀ ਜਾਏਗੀ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਹਜਾਰਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘੱਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ ਪਰ ਹੁਣ ਇਸ ਦਵਾਈ ਦੀ ਖੁਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁਟਕਾਰਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਮਾਸ ਮੀਡੀਆ ਵਿੰਗ ਤੋਂ ਬੀਈਈ ਹਰਮੀਤ ਸਿੰਘ, ਦਿਵੇਸ਼ ਕੁਮਾਰ, ਆਰਬੀਐਸਕੇ ਕੋਆਰਡੀਨੇਟਰ ਬਲਜੀਤ ਸਿੰਘ, ਲੈਕਚਰਾਰ ਪਰਮਜੀਤ ਸਿੰਘ, ਡੀਪੀਈ ਸੁਰਿੰਦਰ ਕੁਮਾਰ ਆਦਿ ਹਾਜਰ ਰਹੇ।