ਮੋਗਾ, 31 ਜਨਵਰੀ:
ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ”ਨੈਸ਼ਨਲ ਲਾਈਵਸਟਾਕ ਮਿਸ਼ਨ” ਅਧੀਨ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਪਿੰਡ ਚੜਿੱਕ ਵਿਖੇ ਕੀਤਾ ਗਿਆ।
ਇਸ ਸੈਮੀਨਾਰ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬੀਰਪ੍ਰਤਾਪ ਸਿੰਘ ਸਾਬਕਾ ਡੇਅਰੀ ਵਿਕਾਸ ਅਫ਼ਸਰ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਖ੍ਰੀਦ, ਕੈਟਲਸ਼ੈੱਡ ਬਣਾਉਣ, ਟੋਟਲ ਮਿਕਸ ਰਾਸ਼ਨ ਮਸ਼ੀਨ, ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨ, ਮਿਲਕਿੰਗ ਮਸ਼ੀਨ ਆਦਿ ਉੱਪਰ ਸਰਕਾਰ ਵੱਲੋਂ ਮਿਲਦੀ ਸਬਸਿਡੀ/ਵਿੱਤੀ ਸਹਾਇਤਾ ਹਾਸਿਲ ਕੀਤੀ ਜਾ ਸਕਦੀ ਹੈ। ਇਸ ਸੈਮੀਨਾਰ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਅਵਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਇਕੱਲਾ ਕਿਸਾਨ ਜਾਂ ਕਿਸਾਨ ਗਰੁੱਪ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਹਰੇ ਚਾਰੇ ਤੋਂ ਆਚਾਰ/ਸਾਈਲੇਜ ਅਤੇ ਕੈਟਲਫੀਡ ਫੈਕਟਰੀ ਦਾ ਸਮੁੱਚਾ ਯੂਨਿਟ ਲਗਾਉਣ ਲਈ ਇੱਕ ਕਰੋੜ ਰੁਪਏ ਤੱਕ ਦੀ ਰਾਸ਼ੀ ਵੱਖ-ਵੱਖ ਬੈਂਕਾਂ ਤੋਂ ਪ੍ਰਾਪਤ ਕਰਕੇ ਅਤੇ 50 ਲੱਖ ਵੱਧ ਤੋਂ ਵੱਧ ਵਿੱਤੀ ਸਹਾਇਤਾ ਸਬਸਿਡੀ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਨ। ਡਾ. ਮਲਕੀਤ ਸਿੰਘ ਦਿਓਲ ਸਾਬਕਾ ਵੈਟਨਰੀ ਅਫ਼ਸਰ ਪਸ਼ੂ ਪਾਲਕ ਮੋਗਾ ਵੱਲੋਂ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਜਗਪਾਲ ਸਿੰਘ ਬਰਾੜ, ਰਿਟਾ. ਕੋ.ਔਪ. ਇੰਸਪੈਕਟਰ ਵੱਲੋਂ ਡੇਅਰੀ ਦੇ ਧੰਦੇ ਵਿੱਚ ਸਹਿਕਾਰਤਾ ਦੇ ਯੋਗਦਾਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਡੇਅਰੀ ਧੰਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਡੇਅਰੀ ਕਿੱਤੇ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਜਿਵੇਂ ਕਿ ਪਰਥ ਵੈਟਫਾਰਮਾਂ, ਪੁਆਇਨਰ, ਮਾਈਕਰੋ, ਕੈਰਸ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਦੇ ਮਾਹਿਰਾਂ ਵੱਲੋਂ ਡੇਅਰੀ ਧੰਦੇ ਵਿੱਚ ਨਵੀਆਂ ਤਕਨੀਕਾਂ ਸਬੰਧੀ ਜਾਣੂ ਕਰਵਾਉਣ ਲਈ ਲੈਕਚਰ ਦਿੱਤੇ ਗਏ। ਅਵਨੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕਿਸਾਨਾਂ ਨੂੰ ਸਾਫ਼ ਦੁੱਧ ਪੈਦਾ ਕਰਨ ਦੀ ਮਹੱਤਤਾ ਅਤੇ ਦੁੱਧ ਤੋਂ ਦੁੱਧ ਉਤਪਾਦ ਬਣਾ ਕੇ ਵੇਚਣ ਅਤੇ ਡੇਅਰੀ ਧੰਦੇ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡੇਅਰੀ ਵਿਕਾਸ ਵਿਭਾਗ ਵੱਲੋਂ ਹਾਜਰ ਹੋਏ ਕਿਸਾਨਾਂ ਨੂੰ ਮੁਫ਼ਤ ਟ੍ਰੇਨਿੰਗ ਕਿੱਟਾਂ ਅਤੇ ਪ੍ਰਤੀ ਕਿਸਾਨ ਦੋ-ਦੋ ਕਿੱਲੋ ਮਿਨਰਲ ਮਿਕਸਚਰ ਵੰਡਿਆ ਗਿਆ।
ਇਸ ਸੈਮੀਨਾਰ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ੍ਹ ਲਈ ਵਿਭਾਗੀ ਟੀਮ ਪ੍ਰਿੰਸ ਸੇਠੀ, ਪਰਮਿੰਦਰ ਸਿੰਘ, ਅਵਨੀਤ ਸਿੰਘ, ਨਵਦੀਪ ਕੌਰ, ਦੇਵਸਿਮਰਨ ਕੌਰ, ਜਸਵਿੰਦਰ ਸਿੰਘ, ਦਰਸ਼ਪ੍ਰੀਤ ਸਿੰਘ, ਨਿਰਵੈਰ ਸਿੰਘ ਵੱਲੋਂ ਖਾਸ ਯੋਗਦਾਨ ਪਾਇਆ ਗਿਆ।