ਅਜਨਾਲਾ, 29 ਜਨਵਰੀ –
ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਤੇ ਖੇਤਰ ਵਿਚ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਨਾਉਣ ਵੱਲ ਵੱਧ ਰਹੀ ਹੈ ਅਤੇ ਇੰਨਾਂ ਦੋਵੇਂ ਮਹੱਤਵਪੂਰਨ ਖੇਤਰਾਂ ਉਤੇ ਸਰਕਾਰ ਵੱਲੋਂ ਦਿਲ ਖੋਲ੍ਹ ਕੇ ਖਰਚ ਕੀਤਾ ਜਾ ਰਿਹਾ ਹੈ। ਕੈਬਿਨਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਜਨਾਲਾ ਵਰਗਾ ਪਛੜਿਆ ਖੇਤਰ, ਜਿਸਦੀ ਆਜ਼ਾਦੀ ਤੋਂ ਬਾਅਦ ਕਿਸੇ ਸਰਕਾਰ ਨੇ ਵੀ ਸਾਰ ਤੱਕ ਨਹੀਂ ਸੀ ਲਈ, ਦੇ ਸਕੂਲਾਂ ਉਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 27.85 ਕਰੋੜ ਖਰਚ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਵਿਚੋਂ 7.18 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਸਾਡੇ ਸਕੂਲਾਂ ਨੂੰ ਪ੍ਰਾਪਤ ਹੋ ਚੁੱਕੀ ਹੈ।
ਉਨਾਂ ਇਸ ਵੱਡੇ ਉਦਮ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਸਰਹੱਦੀ ਸੂਬਾ ਵਿਦਿਆ ਤੇ ਸਿਹਤ ਦੋਵਾਂ ਖੇਤਰਾਂ ਵਿਚ ਹੀ ਪਿੱਛੇ ਸੀ, ਪਰ ਹੁਣ ਉਹ ਦਿਨ ਦੂਰ ਨਹੀਂ ਜਦ ਅਸੀਂਂ ਵੀ ਇੰਨਾ ਖੇਤਰਾਂ ਵਿਚ ਸੂਬੇ ਦੇ ਨਾਲ ਰਲ ਜਾਵਾਂਗੇ। ਸ. ਧਾਲੀਵਾਲ ਨੇ ਕਿਹਾ ਕਿ ਭਾਵੇਂ ਸਮੁੱਚੇ ਸੂਬੇ ਵਿਚ ਸਾਰੇ ਖੇਤਰਾਂ ਵਿਚ ਕੰਮ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦਾ ਧਿਆਨ ਸਿਹਤ ਤੇ ਸਿੱਖਿਆ ਦੋਵਾਂ ਖੇਤਰਾਂ ਉਤੇ ਜ਼ਿਆਦਾ ਹੈ, ਕਿਉਂਕ ਸ ਮਾਨ ਦੀ ਸੋਚ ਹੈ ਕਿ ਜੇਕਰ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਬਨਾਉਣਾ ਹੈ ਤਾਂ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਉਤੇ ਮਜ਼ਬੂਤ ਕਰਨਾ ਜਰੂਰੀ ਹੈ। ਸ. ਧਾਲੀਵਾਲ ਨੇ ਦੱਸਿਆ ਕਿ ਪਹਿਲੀ ਕਿਸ਼ਤ ਦੀ ਜੋ ਰਾਸ਼ੀ ਸਾਡੇ ਹਲਕੇ ਨੂੰ ਮਿਲੀ ਹੈ, ਨਾਲ 167 ਸਕੂਲਾਂ, ਜਿਸ ਵਿਚ ਐਲੀਮੈਂਟਰੀ, ਸਕੈਡੰਰੀ ਤੇ ਸੀਨੀਅਰ ਸਕੈਡੰਰੀ ਸਕੂਲ ਸ਼ਾਮਿਲ ਹਨ, ਵਿਚ ਸਕੂਲਾਂ ਦੀ ਲੋੜ ਅਨੁਸਾਰ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਉਨਾਂ ਸਕੂਲ ਕਮੇਟੀਆਂ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਤਾਂ ਜੋ ਆਏ ਹੋਏ ਪੈਸੇ ਦੀ ਸੁਚੱਜੀ ਵਰਤੋਂ ਕਰਕੇ ਹਲਕੇ ਦੇ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ।