ਅੰਮ੍ਰਿਤਸਰ 23 ਜਨਵਰੀ 2024–
ਬੀਤੇ ਦਿਨੀ ਅੰਮ੍ਰਿਤਸਰ ਸਬ ਰਜਿਸਟਰਾਰ-3 ਦੇ ਦਫ਼ਤਰ ਵਿੱਚ ਆਪਣੇ ਆਪ ਨੂੰ ਆਈ.ਐਫ.ਐਸ. ਅਧਿਕਾਰੀ ਦੱਸ ਕੇ ਘੁੰਡ ਕੱਢਣ ਵਾਲੀ ਜਿਸ ਔਰਤ ਨੇ ਜਾਅਲੀ ਰਜਿਸਟਰੀ ਭੁਗਤਾਈ ਸੀ ਵਿਰੁੱਧ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਪੁਲਿਸ ਕੋਲ ਐਫ.ਆਈ.ਆਰ ਦਰਜ਼ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਇਸਦੇ ਨਾਲ ਹੀ ਉਨਾਂ ਨੇ ਐਫ.ਸੀ.ਆਰ. ਨੂੰ ਸਬੰਧਤ ਸਭ ਰਜਿਸਟਰਾਰ ਦੀ ਭੂਮਿਕਾ ਦੀ ਤਹਿਕੀਕਾਤ ਕਰਨ ਬਾਰੇ ਵੀ ਪੱਤਰ ਲਿੱਖਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨਾਲ ਸਬੰਧਤ ਵਿਭਾਗ ਦੇ ਸੇਵਾਦਾਰ ਗੁਰਧੀਰ ਨੂੰ ਮੁਅਤਲ ਕਰਕੇ ਚਾਰਜਸ਼ੀਟ ਕੀਤਾ ਹੈ।
ਸ੍ਰੀ ਥੋਰੀ ਨੇ ਕਮਿਸ਼ਨਰ ਪੁਲਿਸ ਨੂੰ ਲਿੱਖੇ ਪੱਤਰ ਵਿੱਚ ਦੱਸਿਆ ਕਿ ਸ੍ਰੀਮਤੀ ਸੁਧਾ ਭੰਡਾਰੀ ਵਲੋਂ ਨਿੱਜੀ ਤੌਰ ਤੇ ਪੇਸ਼ ਹੋ ਕੇ ਦਰਖਾਸਤ ਦਿੱਤੀ ਗਈ ਸੀ ਕਿ ਉਸਦੀ ਬੇਟੀ ਰਚਿਤਾ ਭੰਡਾਰੀ ਦੀ ਜਾਇਦਾਦ ਜੋ ਕਿ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ ਵਿਖੇ ਹੈ ਉਤੇ ਅਣਅਧਿਕਾਰਿਤ ਧਿਰ ਵਲੋਂ ਕਬਜ਼ਾ ਕੀਤਾ ਗਿਆ ਹੈ। ਇਸ ਮਸਲੇ ਦੀ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਕੋਲੋਂ ਪੜਤਾਲ ਕਰਵਾਈ ਗਈ ਤਾਂ ਪਤਾ ਲੱਗਾ ਕਿ ਸਬੰਧਤ ਧਿਰਾਂ ਵਲੋਂ ਰਜਿਸਟਰੇਸ਼ਨ ਐਕਟ 1908 ਦੀ ਉਲੰਘਣਾ ਕਰਦੇ ਹੋਏ 40 ਰਜਿਸਟਰੀ ਕਰਵਾਈ ਗਈ ਹੈ। ਕੀਤੀ ਗਈ ਪੜਤਾਲ ਵਿੱਚ ਸਾਹਮਣੇ ਆਇਆ ਕਿ ਖਰੀਦਦਾਰ ਸ਼ੇਰ ਸਿੰਘ, ਅਗਿਆਤ ਵੇਚਵਾਲ, ਵਸੀਕਾ ਨਵੀਸ ਅਸ਼ਵਨੀ ਕੁਮਾਰ, ਗਵਾਹ ਨੰਬਰਦਾਰ ਰੁਪਿੰਦਰ ਕੌਰ, ਗਵਾਹ ਜੇਮਸ ਹੰਸ, ਕਚਿਹਰੀ ਕੰਪਲੈਕਸ ਵਿੱਚ ਕੰਮ ਕਰਦੇ ਪ੍ਰਾਇਵੇਟ ਕਾਰਿੰਦੇ ਨਰਾਇਣ ਸਿੰਘ ਉਰਫ਼ ਸ਼ੇਰਾ ਦੋਸ਼ੀ ਪਾਏ ਗਏ ਹਨ। ਜਿਨਾਂ ਵਿਰੁੱਧ ਰਜਿਸਟਰੇਸ਼ਨ ਐਕਟ 1908 ਅਤੇ ਆਈ.ਪੀ.ਸੀ. ਐਕਟ ਤਹਿਤ ਬਣਦੇ ਜ਼ੁਰਮਾ ਅਧੀਨ ਐਫ.ਆਈ.ਆਰ ਕੀਤੀ ਜਾਵੇ। ਉਨਾਂ ਪੱਤਰ ਵਿੱਚ ਲਿੱਖਿਆ ਕਿ ਵਸੀਕਾ ਨਵੀਸ ਸੰਜੀਵ ਦੁੱਗਲ ਦੇ ਪ੍ਰਾਇਵੇਟ ਕਾਰਿੰਦੇ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਪਰੰਤੂ ਸੰਜੀਵ ਦੁੱਗਲ ਦੀ ਮੁੱਢਲੇ ਤੌਰ ਤੇ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਜੇਕਰ ਦੌਰਾਨੇ ਪੁਲਿਸ ਪੜਤਾਲ ਸ੍ਰੀ ਸੰਜੀਵ ਦੁੱਗਲ ਵਸੀਕਾ ਨਵੀਸ ਦੀ ਕੋਈ ਸ਼ਮੂਲੀਅਤ ਪਾਈ ਜਾਦੀ ਹੈ ਤਾਂ ਉਸ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।