ਫਿਰੋਜ਼ਪੁਰ, 23 ਜਨਵਰੀ 2024.
ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੀ ਵਿਦਿਆਰਥਣ ਗੁਰਵਿੰਦਰ ਕੌਰ ਸਕੂਰਾ ਸਾਇੰਸ ਐਕਸਚੇਂਜ ਸਕੀਮ ਤਹਿਤ ਜਾਪਾਨ ਵਿਖੇ ਗਈ ਅਤੇ ਉਥੋਂ ਸਾਇੰਸ ਤੇ ਤਕਨਾਲੋਜੀ ਨਾਲ ਜੁੜੀਆਂ ਕਾਢਾਂ, ਮਿਊਜ਼ੀਅਮ ਅਤੇ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਵਾਪਸ ਪਰਤੀ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਇਸ ਵਿਦਿਆਰਥਣ ਨੂੰ ਉਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ. ਰਜੇਸ਼ ਧੀਮਾਨ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਦਿਆਰਥਣ ਨੂੰ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਭਵਿੱਖ ਵਿਚ ਉਸਨੂੰ ਪੜ੍ਹਾਈ ਨਾਲ ਜੁੜੀ ਹਰ ਸਮੱਸਿਆ ਦੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਹਾਜ਼ਰ ਸਕੂਲ ਦੇ ਪ੍ਰਿੰਸੀਪਲ ਅਤੇ ਉੱਪ ਸਿੱਖਿਆ ਅਫ਼ਸਰ ਵੱਲੋਂ ਸਕੂਲ ਵਿੱਚ ਆਉਂਦੀਆਂ ਹੌਟ – ਲਾਈਨ ਦੀ ਸੁਵਿਧਾ, ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਕਿਤਾਬਾਂ, ਸਕੂਲ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਸਬੰਧੀ ਆਉਂਦੀਆਂ ਸਮੱਸਿਆਂਵਾਂ ਬਾਰੇ ਜਾਣੂ ਕਰਵਾਇਆ ਗਿਆ ਜਿਸ ਤੇ ਡਿਪਟੀ ਕਮਿਸ਼ਨਰ ਵਲੋਂ ਇਹਨਾਂ ਸਮੱਸਿਆਵਾਂ ਦੇ ਤੁਰੰਤ ਹੱਲ ਬਾਰੇ ਵਿਸ਼ਵਾਸ਼ ਦਿਵਾਇਆ ਗਿਆ।
ਇਸ ਮੌਕੇ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਸ. ਚਮਕੌਰ ਸਿੰਘ, ਉਪ ਸਿੱਖਿਆ ਅਫ਼ਸਰ ਸ. ਪਰਗਟ ਸਿੰਘ ਬਰਾੜ, ਸਕੂਲ ਪ੍ਰਿ. ਸ. ਗੁਰਬੀਰ ਸਿੰਘ, ਸਕੂਲ ਦੇ ਵਾਇਸ ਪ੍ਰਿੰ. ਮੈਡਮ ਸੁਕਿਰਤੀ ਸ਼ਰਮਾ ਅਤੇ ਪੰਜਾਬੀ ਲੈਕਚਰਾਰ ਮੈਡਮ ਸੀਮਾ ਹਾਜ਼ਰ ਸਨ।