ਚੰਡੀਗੜ੍ਹ, 5 ਨਵੰਬਰ 2026: ਪੰਜਾਬ ਭਰ ਦੇ ਵਿਦਿਆਰਥੀਆਂ ਲਈ ਸਿਵਲ ਸੇਵਾਵਾਂ ਦੀ ਤਿਆਰੀ ਨੂੰ ਪਹੁੰਚਯੋਗ ਬਣਾਉਣ ਦੇ ਮੰਤਵ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 1,000 ਕਾਲਜ ਵਿਦਿਆਰਥੀਆਂ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸੇਵਾਵਾਂ ਪ੍ਰੀਖਿਆ ਅਤੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।

ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ। ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਦੀ ਦਿਸ਼ਾ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਵਿਜ਼ਨ ਦਾ ਉਚੇਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਤੱਕ ਵਿਸਥਾਰ ਕਰ ਰਹੀ ਹੈ। ਇਹ ਉਪਰਾਲਾ, ਉਨ੍ਹਾਂ ਵਿੱਤੀ ਅਤੇ ਹੋਰ ਰੁਕਾਵਟਾਂ ਨੂੰ ਦੂਰ ਕਰੇਗਾ, ਜਿਨ੍ਹਾਂ ਕਰਕੇ ਅਕਸਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ, ਖ਼ਾਸ ਕਰਕੇ ਪੇਂਡੂ ਖੇਤਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨਾਲ ਸਬੰਧਤ ਨੌਜਵਾਨ ਸਿਵਲ ਸੇਵਾਵਾਂ ਦੀ ਮਿਆਰੀ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ।

ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਹਰ ਨੌਜਵਾਨ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਹੈ ਅਤੇ ਕਿਸੇ ਵੀ ਸੁਪਨੇ ਦੀ ਉਡਾਣ ਸਿਰਫ਼ ਇਸ ਲਈ ਨਹੀਂ ਰੁਕਣੀ ਚਾਹੀਦੀ ਕਿ ਪਰਿਵਾਰ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦਾ ਜਾਂ ਵਿਦਿਆਰਥੀ ਕਿਸੇ ਵੱਡੇ ਕੋਚਿੰਗ ਸੈਂਟਰ ਤੋਂ ਦੂਰ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਪੂਰੀ ਆਜ਼ਾਦੀ ਨਾਲ ਵੱਡੇ ਸੁਪਨੇ ਵੇਖਣ ਅਤੇ ਇਹ ਸਮਝ ਕੇ ਚੱਲਣ ਕਿ ਸਰਕਾਰ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ।”

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਸ ਪਹਿਲਕਦਮੀ ਰਾਹੀਂ ਅਸੀਂ ਉਨ੍ਹਾਂ ਮੌਕਿਆਂ ਨੂੰ ਖੋਲ੍ਹ ਰਹੇ ਹਾਂ ਜੋ ਪਹਿਲਾਂ ਕਈ ਵਿਦਿਆਰਥੀਆਂ ਨੂੰ ਆਪਣੀ ਪਹੁੰਚ ਤੋਂ ਬਾਹਰ ਜਾਪਦੇ ਸਨ। ਅਸੀਂ ਉਨ੍ਹਾਂ ਨੂੰ ਭਵਿੱਖ ਦੇ ਅਧਿਕਾਰੀ, ਪ੍ਰਸ਼ਾਸਕ ਅਤੇ ਆਗੂ ਬਣਨ ਦਾ ਆਤਮ-ਵਿਸ਼ਵਾਸ ਦੇ ਰਹੇ ਹਾਂ। ‘ਪੰਜਾਬ ਸਿੱਖਿਆ ਕ੍ਰਾਂਤੀ’ ਸਿਰਫ਼ ਕਲਾਸਰੂਮਾਂ ਨੂੰ ਸੁਧਾਰਨ ਤੱਕ ਸੀਮਤ ਨਹੀਂ ਹੈ; ਇਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਉਪਰਾਲਾ ਹੈ। ਜਦੋਂ ਸਾਡਾ ਨੌਜਵਾਨ ਅੱਗੇ ਵਧੇਗਾ, ਤਾਂ ਪੰਜਾਬ ਅੱਗੇ ਵਧੇਗਾ। ਅਸੀਂ ਸਾਰੇ ਰਲ ਕੇ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ।”

ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਸਿਵਲ ਸੇਵਾਵਾਂ ਦੀ ਤਿਆਰੀ ਕਰਨ ਵਾਲੇ ਹਰ ਉਮੀਦਵਾਰ ਦਾ ਇੱਕ ਸੁਪਨਾ, ਸਾਲਾਂ ਭਰ ਦਾ ਦ੍ਰਿੜ ਇਰਾਦਾ ਅਤੇ ਉਸਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਨਾਲ ਖੜ੍ਹਾ ਉਸਦਾ ਪਰਿਵਾਰ ਹੁੰਦਾ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਸੇ ਵਿਦਿਆਰਥੀ ਦੇ ਅੱਗੇ ਵਧਣ ਦੀ ਸੀਮਾ ਉਸਦੇ ਪਰਿਵਾਰ ਦੇ ਵਿੱਤੀ ਹਾਲਾਤ ਤੈਅ ਨਾ ਕਰਨ।”

ਉਨ੍ਹਾਂ ਅੱਗੇ ਕਿਹਾ, “ਇਸ ਉਪਰਾਲੇ ਸਦਕਾ ਪਿੰਡ ਜਾਂ ਕਿਸੇ ਛੋਟੇ ਕਸਬੇ ਦੇ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਵੀ ਉਹੀ ਯੋਜਨਾਬੱਧ ਤਿਆਰੀ, ਸੇਧ ਅਤੇ ਅਕਾਦਮਿਕ ਸਹਾਇਤਾ ਮਿਲੇਗੀ ਜੋ ਕਿਸੇ ਵੱਡੇ ਕੋਚਿੰਗ ਹੱਬ ਵਿੱਚ ਪੜ੍ਹ ਰਹੇ ਵਿਦਿਆਰਥੀ ਨੂੰ ਮਿਲਦੀ ਹੈ। ਸਾਡੇ ਲਈ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਅਸਲ ਸਫ਼ਲਤਾ ਉਦੋਂ ਹੈ ਜਦੋਂ ਹਰੇਕ ਵਿਦਿਆਰਥੀ ਇਹ ਮਹਿਸੂਸ ਕਰਨ ਲੱਗੇ ਕਿ ਕੋਈ ਵੀ ਮੰਜ਼ਿਲ ਉਸ ਦੀ ਪਹੁੰਚ ਤੋਂ ਦੂਰ ਨਹੀਂ ਹੈ ਅਤੇ ਸਾਡੀ ਇਹ ਪਹਿਲ ਉਸੇ ਭਰੋਸੇ ਨੂੰ ਬਣਦਾ ਸਹਿਯੋਗ, ਮੌਕੇ ਅਤੇ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਹੈ।”

*ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਕਲਾਸਾਂ ਹੀ ਨਹੀਂ, ਬਲਕਿ ਵਿਆਪਕ ਕੋਚਿੰਗ ਅਤੇ ਮੈਂਟਰਸ਼ਿਪ ਮਿਲੇਗੀ*

ਇਸ ਪ੍ਰੋਗਰਾਮ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਕਲਾਸਾਂ ਹੀ ਨਹੀਂ ਬਲਕਿ ਹਰ ਪੜਾਅ ‘ਤੇ ਵਿਆਪਕ ਅਕਾਦਮਿਕ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਲਾਈਵ ਇੰਟਰਐਕਟਿਵ ਅਤੇ ਰਿਕਾਰਡ ਕੀਤੇ ਲੈਕਚਰ, ਸਟੱਡੀ ਮਟੀਰੀਅਲ, ਮਿਆਰੀ ਟੈਸਟ ਸੀਰੀਜ਼, ਉੱਤਰ-ਲਿਖਣ ਦਾ ਅਭਿਆਸ ਤੇ ਮੁਲਾਂਕਣ, ਵਿਅਕਤੀਗਤ ਮੈਂਟਰਸ਼ਿਪ, ਸ਼ੰਕਿਆਂ ਦਾ ਨਿਵਾਰਨ ਅਤੇ ਇੰਟਰਵਿਊ ਦੀ ਤਿਆਰੀ ਸ਼ਾਮਲ ਹੋਵੇਗੀ। ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਵਿਦਿਆਰਥੀ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਣਗੇ, ਜਿਸ ਨਾਲ ਪਿੰਡਾਂ ਅਤੇ ਛੋਟੇ ਕਸਬਿਆਂ ਦੇ ਵਿਦਿਆਰਥੀ ਵੀ ਵੱਡੇ ਕੋਚਿੰਗ ਸੈਂਟਰਾਂ ਦੇ ਸਮਾਨ ਢਾਂਚਾਗਤ ਤਿਆਰੀ ਕਰ ਸਕਣਗੇ।

ਇਸ ਪਹਿਲਕਦਮੀ ਦਾ ਉਦੇਸ਼ ਵਿਸ਼ੇਸ਼ ਕਰਕੇ ਅਜਿਹੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਵਿਸ਼ੇਸ਼ ਤਿਆਰੀ ਦੀ ਸਹੂਲਤ ਦੇਣਾ ਹੈ, ਜਿਨ੍ਹਾਂ ਨੂੰ ਕੋਚਿੰਗ ਸੈਂਟਰਾਂ ਤੋਂ ਦੂਰੀ ਜਾਂ ਕੋਚਿੰਗ ਦੇ ਵੱਡੇ ਖਰਚ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰੀ ਅਤੇ ਨਿੱਜੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ ਪ੍ਰਦਾਨ ਕਰਕੇ, ਇਸ ਪ੍ਰੋਗਰਾਮ ਰਾਹੀਂ ਅਜਿਹਾ ਸਾਜ਼ਗਾਰ ਮਾਹੌਲ ਸਿਰਜਿਆ ਜਾ ਰਿਹਾ ਹੈ ਜਿੱਥੇ ਵਿੱਤੀ ਹਾਲਾਤ ਜਾਂ ਰਹਿਣ-ਸਹਿਣ ਦੀ ਬਜਾਏ ਵਿਦਿਆਰਥੀ ਦੀ ਪ੍ਰਤਿਭਾ ਅਤੇ ਦ੍ਰਿੜ ਇਰਾਦਾ ਉਸਦਾ ਭਵਿੱਖ ਨਿਰਧਾਰਤ ਕਰਨਗੇ।

*ਯੂ.ਪੀ.ਐਸ.ਸੀ. ਉਮੀਦਵਾਰਾਂ ਨੇ ਕਿਹਾ ਕਿ ਮੁਫ਼ਤ ਕੋਚਿੰਗ ਨਾਲ ਵਿੱਤੀ ਬੋਝ ਘਟੇਗਾ*

ਫਾਜ਼ਿਲਕਾ ਦੇ ਇੱਕ ਯੂ.ਪੀ.ਐਸ.ਸੀ. ਉਮੀਦਵਾਰ, ਜਿਸ ਲਈ ਕੋਚਿੰਗ ਲੈਣਾ ਇੱਕ ਸੁਪਨੇ ਵਾਂਗ ਸੀ, ਨੇ ਕਿਹਾ, ‘‘ਸਾਡੇ ਵਿੱਚੋਂ ਬਹੁਤਿਆਂ ਲਈ ਸਿਵਲ ਸੇਵਾਵਾਂ ਵਿੱਚ ਜਾਣਾ ਹਮੇਸ਼ਾ ਸੁਪਨੇ ਵਾਂਗ ਰਿਹਾ ਹੈ, ਪਰ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਹੀ ਅਗਵਾਈ, ਸਾਧਨਾਂ ਅਤੇ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ। ਇਹ ਪਹਿਲਕਦਮੀ ਸਾਡੇ ਵਰਗੇ ਵਿਦਿਆਰਥੀਆਂ ਨੂੰ  ਬਿਨਾਂ ਕੋਚਿੰਗ ਦੇ ਖਰਚੇ ਤੋਂ ਸੰਜੀਦਗੀ ਨਾਲ ਤਿਆਰੀ ਕਰਨ ਦਾ ਮੌਕਾ ਦਿੰਦੀ ਹੈ।’’

ਇਸੇ ਤਰ੍ਹਾਂ ਤਰਨ ਤਾਰਨ ਦੇ ਇੱਕ ਹੋਰ ਉਮੀਦਵਾਰ, ਜੋ ਮਾਪਿਆਂ ਦਾ ਇਕਲੌਤਾ ਹੈ ਨੇ ਵੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ, ‘‘ਤਜਰਬੇਕਾਰ ਅਧਿਆਪਕਾਂ, ਨਿਯਮਤ ਟੈਸਟਾਂ, ਸਲਾਹਕਾਰਾਂ ਅਤੇ ਉੱਤਰ-ਲਿਖਣ ਸਬੰਧੀ ਸੁਚੱਜਤਾ ਸਾਡੀ ਤਿਆਰੀ ਵਿੱਚ ਵੱਡਾ ਫਰਕ ਲਿਆ ਸਕਦੀ ਹੈ। ਇਸ ਨਾਲ ਸਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸਮਾਜ ਦੀ ਸੇਵਾ ਕਰਨ ਅਤੇ ਅੱਗੇ ਵਧਣ ਦਾ ਆਤਮ-ਵਿਸ਼ਵਾਸ ਮਿਲਦਾ ਹੈ।’’

ਇਹ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਉਸ ਵਡੇਰੇ ਦ੍ਰਿਸ਼ਟੀਕੋਣ ਦਾ ਹਿੱਸਾ ਹੈ ਜਿਸਦਾ ਉਦੇਸ਼ ਵਿੱਦਿਅਕ ਮੌਕਿਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਨਾ ਰੱਖ ਕੇ, ਲੀਡਰਸ਼ਿਪ, ਲੋਕ ਪ੍ਰਸ਼ਾਸਨ ਅਤੇ ਸਮਾਜ ਸੇਵਾ ਦੇ ਖੇਤਰਾਂ ਲਈ ਰਾਹ ਪੱਧਰਾ ਕਰਨਾ ਹੈ। ਇਸ ਲਾਹੇਵੰਦ ਪੇਸ਼ਕਦਮੀ ਤਹਿਤ 1000 ਕਾਲਜ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਮੁਫ਼ਤ ਕੋਚਿੰਗ ਦੇ ਕੇ ਭਗਵੰਤ ਮਾਨ ਸਰਕਾਰ ਪ੍ਰਸ਼ਾਸਕਾਂ ਅਤੇ ਜਨਤਕ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰੇਗੀ।

*ਮੁਫ਼ਤ ਪੇਸ ਕੋਚਿੰਗ ਤਹਿਤ 58614 ਵਿਦਿਆਰਥੀਆਂ ਦਾ ਦਾਖਲਾ; ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ ਅਤੇ 64 ਨੇ ਜੇਈਈ ਐਡਵਾਂਸ ਪ੍ਰੀਖਿਆ ਪਾਸ ਕੀਤੀ*

ਭਗਵੰਤ ਮਾਨ ਸਰਕਾਰ ਦੇ ‘ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ’ (ਪੇਸ) ਪ੍ਰੋਗਰਾਮ ਤਹਿਤ ‘ਫਿਜ਼ਿਕਸ ਵਾਲਾ’  ਅਤੇ ’ਅਵੰਤੀ’  ਨਾਲ ਸਾਂਝੇਦਾਰੀ ਕਰਕੇ ਮੁਕਾਬਲਾ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ 58614 ਵਿਦਿਆਰਥੀ ਦਾਖਲ ਹੋਏ ਹਨ। ਇਨ੍ਹਾਂ ਵਿੱਚੋਂ 9ਵੀ ਜਮਾਤ ਦੇ 3110 ਵਿਦਿਆਰਥੀ 10ਵੀਂ ਜਮਾਤ ਦੇ 4279 ਵਿਦਿਆਰਥੀ ਫਾਊਂਡੇਸ਼ਨ ਕੋਚਿੰਗ ਲੈ ਰਹੇ ਹਨ ਜਦਕਿ 29,129 ਵਿਦਿਆਰਥੀ ਜੇਈਈ ਦੀ ਤਿਆਰੀ ਲਈ ਅਤੇ 22,096 ਵਿਦਿਆਰਥੀ ਨੀਟ ਦੀ ਤਿਆਰੀ ਲਈ ਦਾਖਲ ਹੋਏ ਹਨ। ਇਸ ਪ੍ਰੋਗਰਾਮ ਵਿੱਚ 11ਵੀਂ ਜਮਾਤ ਦੇ 24,950 ਅਤੇ 12ਵੀਂ ਜਮਾਤ ਦੇ 26,275 ਵਿਦਿਆਰਥੀ ਸ਼ਾਮਲ ਹਨ।

ਪੰਜਾਬ ਸਰਕਾਰੀ ਸਕੂਲਾਂ ਦੇ ਨਤੀਜੇ ਰਾਸ਼ਟਰੀ ਦਾਖਲਾ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਵਿੱਚ ਨਿਰੰਤਰ ਸੁਧਾਰ ਦੀ ਤਸਵੀਰ ਪੇਸ਼ ਕਰਦੇ ਹਨ: 361 ਵਿਦਿਆਰਥੀਆਂ ਨੇ ਜੇਈਈ ਮੇਨ 2026 ਪ੍ਰੀਖਿਆ ਪਾਸ ਕੀਤੀ, 64 ਨੇ ਜੇਈਈ ਐਡਵਾਂਸਡ-2026 ਪਾਸ ਕੀਤੀ ਅਤੇ 882 ਨੇ ਨੀਟ-ਯੂਜੀ 2026 ਪਾਸ ਕੀਤੀ। ਨੀਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2024 ਵਿੱਚ 437 ਤੋਂ ਵੱਧ ਕੇ 2025 ਵਿੱਚ 847 ਅਤੇ 2026 ਵਿੱਚ 882 ਹੋ ਗਈ ਹੈ, ਜੋ ਕਿ ਦੋ ਸਾਲਾਂ ਵਿੱਚ ਦੁੱਗਣੇ ਤੋਂ ਵੀ ਵੱਧ ਹੈ।