ਲੰਬੀ/ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ਦੀ ਮੰਡੀ ਕਿੱਲਿਆਂਵਾਲੀ ਵਿਖੇ ਲੋਕ ਮਿਲਣੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਕਿੱਲਿਆਂਵਾਲੀ ਵਿਕਾਸ ਦੇ ਪ੍ਰੋਜੈਕਟਾਂ ਦੇ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਦੌਰਾਨ ਉਨ੍ਹਾਂ ਮੰਡੀ ਵਾਸੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਸਬੰਧੀ ਫੀਡਬੈਕ ਹਾਸਲ ਕੀਤਾ। ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਵਾਰਡ ਅਤੇ ਮੁਹੱਲਿਆਂ ਨਾਲ ਸਬੰਧਤ ਵੱਖ-ਵੱਖ ਵਿਕਾਸ ਕਾਰਜਾਂ, ਨਾਗਰਿਕ ਸਹੂਲਤਾਂ ਅਤੇ ਹੋਰ ਜਨਤਕ ਮਸਲਿਆਂ ਸਬੰਧੀ ਆਪਣੇ ਸੁਝਾਅ ਅਤੇ ਮੰਗਾਂ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਾਪਤ ਹੋਈਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦਾ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਪਹਿਲ ਦੇ ਆਧਾਰ ‘ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਕੈਬਨਿਟ ਮੰਤਰੀ ਸ. ਖੁੱਡੀਆਂ ਵੱਲੋਂ 70 ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਗਏ। ਉਨ੍ਹਾਂ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਰਾਹੀਂ ਸਰਕਾਰ ਵੱਲੋਂ ਆਮ ਲੋਕਾਂ ਨੂੰ ਇਲਾਜ ਸਬੰਧੀ ਵੱਡੀ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਜਾਂ ਕਿਸੇ ਗੰਭੀਰ ਸਿਹਤ ਸਮੱਸਿਆ ਦੀ ਸਥਿਤੀ ਵਿੱਚ ਇਲਾਜ ’ਤੇ ਹੋਣ ਵਾਲਾ ਖਰਚਾ ਪਰਿਵਾਰ ਲਈ ਵੱਡੀ ਚਿੰਤਾ ਦਾ ਕਾਰਨ ਬਣ ਸਕਦਾ ਹੈ, ਪਰ ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲਦੀ ਹੈ।

          ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਹਤ ਸਹੂਲਤਾਂ ਨੂੰ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਹਤ ਬੀਮਾ ਕਾਰਡ ਬਣਵਾਉਣ ਅਤੇ ਯੋਜਨਾ ਅਧੀਨ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਲੋੜ ਸਮੇਂ ਇਸ ਦਾ ਲਾਭ ਲੈਣ।

          ਇਸ ਮੌਕੇ ਉਨ੍ਹਾਂ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਅਗਵਾਈ ਕਰਨ ਵਾਲੀ ਸਖੀਆਂ ਨੂੰ ਵੀ ਕੀਤਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਖੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਖੀਆਂ ਦੀ ਸਰਗਰਮ ਭੂਮਿਕਾ ਅਤੇ ਸਹਿਯੋਗ ਤੋਂ ਬਿਨ੍ਹਾਂ ਇੰਨੀ ਵੱਡੀ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਸਫ਼ਲਤਾਪੂਰਵਕ ਅਮਲੀ ਜਾਮਾ ਪਹਿਨਾਉਣਾ ਆਸਾਨ ਕੰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਸਖੀਆਂ ਨੇ ਪੂਰੀ ਤਨਦੇਹੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ, ਜਿਸ ਸਦਕਾ ਇਹ ਯੋਜਨਾ ਲੋੜਵੰਦ ਮਾਵਾਂ-ਧੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੀ ਹੈ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਬਾਜ ਸਿੰਘ ਬਣਵਾਲਾ, ਚੇਅਰਮੈਨ ਰਸ਼ਪਾਲ ਸਿੰਘ ਖੁੱਡੀਆਂ, ਚੇਅਰਮੈਨ ਹਿਮਾਂਸ਼ੂ ਬੰਸਲ, ਪ੍ਰਧਾਨ ਰਾਜ ਪਰਚਾ, ਪ੍ਰਧਾਨ ਸੋਮ ਪ੍ਰਕਾਸ਼, ਤੇਜਾ ਸਿੰਘ ਭੁੱਲਰ, ਦੀਪਕ ਭੁਪਿੰਦਰ ਸਿੰਘ, ਪੀ.ਏ. ਗੁਰਬਾਜ ਖੁੱਡੀਆਂ ਤੋਂ ਇਲਾਵਾ ਮੋਹਿਤ ਸੋਨੀ ਆਦਿ ਹਾਜ਼ਰ ਰਹੇ।