*ਚੰਡੀਗੜ੍ਹ, 15 ਸਤੰਬਰ:* ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਸੂਬੇ ਵਿੱਚ ‘ਸਵੱਛਤਾ ਹੀ ਸੇਵਾ (ਐਸ.ਐਚ.ਐਸ.)–2026’ ਮੁਹਿੰਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ, 2026 ਤੱਕ ਪੰਜਾਬ ਭਰ ਵਿੱਚ “ਸਵੱਛਤਾ ਵਿੱਚ ਭਾਗੀਦਾਰੀ, ਸਵੱਛ ਭਾਰਤ, ਵਿਕਸਿਤ ਭਾਰਤ” ਥੀਮ ਤਹਿਤ ਮਨਾਈ ਜਾਵੇਗੀ।
ਕੈਬਨਿਟ ਮੰਤਰੀ ਨੇ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਕੇਂਦਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਖ਼ਾਸ ਤੌਰ ’ਤੇ ਪੇਂਡੂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਐਸ.ਐਚ.ਐਸ.–2026 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਤਿਆਰੀਆਂ, ਯੋਜਨਾਬੰਦੀ ਅਤੇ ਪ੍ਰਸਤਾਵਿਤ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਪੰਜਾਬ ਵਿੱਚ ਮੁਹਿੰਮ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਤਿਆਰੀਆਂ ਅਤੇ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੇਂਡੂ ਇਲਾਕੇ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਗਤੀਵਿਧੀਆਂ ਵਿੱਚ ਗ੍ਰਾਮ ਪੰਚਾਇਤਾਂ, ਸਥਾਨਕ ਭਾਈਚਾਰਿਆਂ ਅਤੇ ਵੱਖ-ਵੱਖ ਭਾਈਵਾਲਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਾਂਝੇ ਯਤਨ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਪਿੰਡਾਂ ਨੂੰ ਹੋਰ ਸਾਫ਼-ਸੁਥਰਾ, ਸਿਹਤਮੰਦ ਅਤੇ ਟਿਕਾਊ ਬਣਾਉਣ ਲਈ ਚੱਲ ਰਹੇ ਸੂਬਾ ਸਰਕਾਰ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਸੈਨੀਟੇਸ਼ਨ ਨੂੰ ਸਿਰਫ਼ ਸਰਕਾਰੀ ਦਖ਼ਲਅੰਦਾਜ਼ੀ ਰਾਹੀਂ ਕਾਇਮ ਨਹੀਂ ਰੱਖਿਆ ਜਾ ਸਕਦਾ, ਸਗੋਂ ਇਸ ਲਈ ਨਾਗਰਿਕਾਂ, ਪੰਚਾਇਤਾਂ ਅਤੇ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।
ਮੀਟਿੰਗ ਦੌਰਾਨ ਗ੍ਰਾਮ ਪੰਚਾਇਤਾਂ ਲਈ “ਸਵੱਛ ਸੇਵਾ ਅਸੈਸਮੈਂਟ” ਵੀ ਸ਼ੁਰੂ ਕੀਤੀ ਗਈ। ਇਸ ਪਹਿਲਕਦਮੀ ਦਾ ਉਦੇਸ਼ ਪਿੰਡ ਪੱਧਰ ’ਤੇ ਸੈਨੀਟੇਸ਼ਨ ਨਾਲ ਸਬੰਧਤ ਗਤੀਵਿਧੀਆਂ ਦੇ ਮੁਲਾਂਕਣ ਨੂੰ ਮਜ਼ਬੂਤ ਕਰਨਾ ਅਤੇ ਸਫ਼ਾਈ ਤੇ ਸਵੱਛਤਾ ਦੇ ਯਤਨਾਂ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਹੋਰ ਉਤਸ਼ਾਹਿਤ ਕਰਨਾ ਹੈ।
ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ‘ਸਵੱਛਤਾ ਹੀ ਸੇਵਾ–2026’ ਦੇ ਉਦੇਸ਼ਾਂ ਨੂੰ ਜ਼ਮੀਨੀ ਪੱਧਰ ’ਤੇ ਅਮਲੀ ਰੂਪ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਮੁਹਿੰਮ ਦੀ ਮਿਆਦ ਤੋਂ ਬਾਅਦ ਵੀ ਇਸ ਦਾ ਸਥਾਈ ਪ੍ਰਭਾਵ ਕਾਇਮ ਰਹੇ। ਉਨ੍ਹਾਂ ਕਿਹਾ ਕਿ ਸਫ਼ਾਈ, ਸੈਨੀਟੇਸ਼ਨ ਅਤੇ ਕੂੜਾ ਪ੍ਰਬੰਧਨ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਨਾ ਚਾਹੀਦਾ ਹੈ।
ਕੈਬਨਿਟ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ‘ਸਵੱਛਤਾ ਹੀ ਸੇਵਾ–2026’ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਅਤੇ ਆਪਣੇ ਪਿੰਡਾਂ ਤੇ ਭਾਈਚਾਰਿਆਂ ਵਿੱਚ ਚਲਾਈਆਂ ਜਾਣ ਵਾਲੀਆਂ ਸਫ਼ਾਈ ਮੁਹਿੰਮਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਫ਼ਾਈ ਨੂੰ ਸਿਰਫ਼ ਇੱਕ ਮੁਹਿੰਮ ਨਾ ਸਮਝਣ, ਸਗੋਂ ਇਸ ਨੂੰ ਸਾਂਝੀ ਜ਼ਿੰਮੇਵਾਰੀ ਅਤੇ ਨਿਰੰਤਰ ਲੋਕ ਲਹਿਰ ਵਜੋਂ ਅਪਣਾਉਣ।
ਉਨ੍ਹਾਂ ਕਿਹਾ, “ਆਓ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਹੱਥ ਮਿਲਾਈਏ ਅਤੇ ਸਵੱਛ ਭਾਰਤ ਤੇ ਵਿਕਸਿਤ ਭਾਰਤ ਦੇ ਵੱਡੇ ਸੰਕਲਪ ਵਿੱਚ ਆਪਣਾ ਯੋਗਦਾਨ ਪਾਈਏ।”
ਮੀਟਿੰਗ ਦੌਰਾਨ ਸ੍ਰੀ ਰਾਮਵੀਰ, ਪ੍ਰਮੁੱਖ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ; ਸ੍ਰੀਮਤੀ ਸਈਦ ਸਹਿਰਿਸ਼ ਅਸਗਰ, ਵਿਭਾਗ ਮੁਖੀ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
