ਕੋਟਕਪੂਰਾ, 22 ਅਗਸਤ- ਪਿਛਲੇ ਦਿਨੀਂ ਫਰੀਦਕੋਟ ਜਿਲੇ ਦੇ ਪਿੰਡ ਚੰਦਬਾਜਾ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਹੋਇਆ ਸੀ। ਜਿਸ ਵਿਚ ਕਾਰ ਅਤੇ ਐਕਟਿਵਾ ਵਿੱਚ ਹੋਈ ਭਿਆਨਕ ਟੱਕਰ ਵਿਚ ਪਿੰਡ ਚੰਦਬਾਜਾ ਦੇ ਦੋ ਜਣੇ ਜੋ ਕਿ ਐਕਟਿਵਾ ਤੇ ਸਵਾਰ ਸਨ, ਦੀ ਮੌਤ ਹੋ ਗਈ ਸੀ। ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਇਸ ਭਿਆਨਕ ਹਾਦਸੇ ਵਿਚ ਆਪਣੀਆਂ ਜਾਨਾਂ ਗਵਾ ਚੁੱਕੇ ਦੋ ਸਕੂਟਰ ਚਾਲਕ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।
ਇਸ ਮੌਕੇ ਸ. ਸੰਧਵਾਂ ਨੇ ਕਿਹਾ ਕਿ 2 ਕੀਮਤੀ ਜਾਨਾਂ ਦਾ ਚਲੇ ਜਾਣਾ ਬੇਹੱਦ ਦੁਖਦਾਈ ਹੈ। ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਦੇਣ ਲਈ ਅਰਦਾਸ ਕੀਤੀ।
ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਹੋਏ ਭਿਆਨਕ ਹਾਦਸੇ ਬਾਰੇ ਗੱਲਬਾਤ ਕੀਤੀ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਦੋਨੇ ਨੌਜਵਾਨ ਮੁੱਦਕੀ ਤੋਂ ਆਪਣੀ ਐਕਟਿਵਾ ਤੇ ਪਿੰਡ ਵਾਪਸ ਆ ਰਹੇ ਸੀ ਕਿ ਅੱਗੇ ਕਾਰ ਨਾਲ ਟੱਕਰ ਹੋ ਗਈ। ਜਿਨ੍ਹਾਂ ਵਿਚ ਸਤਿਨਾਮ ਸਿੰਘ ਪੁੱਤਰ ਲਖਵਿੰਦਰ ਸਿੰਘ ਉਮਰ 31 ਸਾਲ ਅਤੇ ਪਰਮਜੀਤ ਸਿੰਘ ਉਮਰ 58 ਸਾਲ ਪਿੰਡ ਚੰਦ ਬਾਜਾ ਇਹ ਦੋਨੋ ਪੱਕੇ ਦੋਸਤ ਸਨ। ਉਨ੍ਹਾਂ ਦੱਸਿਆ ਕਿ ਇਹ ਐਕਸੀਡੈਂਟ ਮਿਤੀ 20 ਅਗਸਤ 2026 ਨੂੰ ਮੇਨ ਹਾਈਵੇਅ ਤੇ ਹੋਇਆ ਸੀ।
