ਕੋਟਕਪੂਰਾ 08 ਜੁਲਾਈ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਦੂਸਰੇ ਦਿਨ ਪਿੰਡ ਭੈਰੋਭੱਟੀ ਅਤੇ ਪਿੰਡ ਹਰੀ ਨੌਂ ਵਿਖੇ ਡਾਕੂਮੈਂਟਰੀ ਸ਼ੋਅ ਹੋਏ ਜਿਸ ਵਿੱਚ ਲੋਕਾਂ ਨੇ ਸ਼ਰਧਾ ਨਾਲ ਭਾਗ ਲਿਆ। 

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਰੋਜ਼ਾਨਾ ਦੋ ਪਿੰਡਾਂ ਵਿੱਚ ਇਸ ਵੈਨ ਰਾਹੀਂ ਇਹ ਦਸਤਾਵੇਜ਼ੀ ਦਿਖਾਈ ਜਾਵੇਗੀ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਹਰ ਘਰ ਤੱਕ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ੀ 30 ਮਿੰਟ ਦੀ ਹੋਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ, ਖਾਸ ਕਰਕੇ ਨੌਜਵਾਨ ਪੀੜ੍ਹੀ, ਗੁਰੂ ਜੀ ਦੇ ਭੇਦਭਾਵ ਰਹਿਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਹੋ ਸਕੇ। ਉਨ੍ਹਾਂ ਪਿੰਡਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਸਤਾਵੇਜ਼ੀ ਨੂੰ ਦੇਖਣ ਪਰਿਵਾਰਾਂ ਸਮੇਤ ਜ਼ਰੂਰ ਪੁੱਜਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂੰ ਕਰਵਾ ਸਕੀਏ । 

ਉਨ੍ਹਾਂ ਦੱਸਿਆ ਕਿ ਹਰ ਵੈਨ ਤੇ ਵੱਡੀ ਐਲ.ਈ.ਡੀ. ਸਕਰੀਨ ਲਗਾਈ ਗਈ ਹੈ। ਇਹ 30 ਮਿੰਟ ਦੀ ਦਸਤਾਵੇਜ਼ੀ ਸੰਖੇਪ, ਅਰਥਪੂਰਨ ਅਤੇ ਬਹੁਤ ਪ੍ਰਭਾਵਸ਼ਾਲੀ ਹੈ, ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਏਗੀ। ਇਹ ਡਾਕੂਮੈਂਟਰੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਾਤ-ਪਾਤ ਦੇ ਭੇਦਭਾਵ ਅਤੇ ਸਮਾਜਿਕ ਅਸਮਾਨਤਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸਮਰਪਿਤ ਕਰ ਦਿੱਤਾ।

ਪਿੰਡ ਵਾਸੀਆ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਡਾਕੂਮੈਂਟਰੀ ਨੌਜਵਾਨ ਪੀੜ੍ਹੀ ਨੂੰ ਮਹਾਨ ਸੰਤਾਂ ਦੀ ਵਿਚਾਰਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ ਰਮਨਦੀਪ ਕੌਰ ਸਰਪੰਚ ਭੈਰੋ ਭੱਟੀ, ਰਾਜਪਾਲ ਸਿੰਘ, ਗੁਰਸੇਵਕ ਸਿੰਘ, ਜਸਪਾਲ ਸਿੰਘ, ਤੇਜ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਰਾਜਨ ਸਿੰਘ, ਨੱਥਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।