ਸ੍ਰੀ ਮੁਕਤਸਰ ਸਾਹਿਬ, 06 ਜੁਲਾਈ– ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਜਾਵਾ, ਕੱਖਾਂਵਾਲੀ ਅਤੇ ਭੁੱਲਰਵਾਲਾ ਵਿਖੇ ਲੋਕ ਮਿਲਣੀ ਕਰਕੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਲਦ ਨਿਪਟਾਰੇ ਲਈ ਲੋੜੀਂਦੇ ਨਿਰਦੇਸ਼ ਦਿੱਤੇ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕ ਹਿੱਤਾਂ ਦੀ ਬਜਾਏ ਮਨਮਰਜ਼ੀਆਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਤੋਂ ਕਿਸੇ ਨੇ ਕੋਈ ਹਿਸਾਬ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ, ਜਿਸ ਵਿੱਚ ਹਰ ਪੈਸਾ ਲੋਕ ਭਲਾਈ ਲਈ ਖਰਚਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਿਧਾਇਕ ਇੱਕ ਤੋਂ ਵੱਧ ਪੈਨਸ਼ਨਾਂ ਦਾ ਲਾਭ ਲੈਂਦੇ ਸਨ, ਪਰ ਮੌਜੂਦਾ ਸਰਕਾਰ ਨੇ ਇਹ ਪ੍ਰਥਾ ਖਤਮ ਕਰਕੇ ਸਿਰਫ਼ ਇੱਕ ਪੈਨਸ਼ਨ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਰਾਹਤ ਦੇਣ ਲਈ ਹਰ ਮਹੀਨੇ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਕੇ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਕਾਰਡ ਬਣਾਏ ਗਏ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਇਲਾਜ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਨਹਿਰਾਂ, ਖਾਲਿਆਂ ਅਤੇ ਕੱਸੀਆਂ ਦੀ ਸਫ਼ਾਈ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਕਰਵਾਏ ਗਏ ਹਨ। ਇਸ ਦੇ ਨਾਲ ਹੀ ਨਵੀਆਂ ਸੜਕਾਂ ਦਾ ਨਿਰਮਾਣ ਅਤੇ ਖਰਾਬ ਸੜਕਾਂ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪੂਰੀ ਦ੍ਰਿੜਤਾ ਨਾਲ ਚਲਾਈ ਜਾ ਰਹੀ ਹੈ। ਇਸ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਨਸ਼ੇ ਦੇ ਧੰਦੇ ਰਾਹੀਂ ਨਾਜਾਇਜ਼ ਜਾਇਦਾਦਾਂ ਬਣਾਈਆਂ ਸਨ, ਉਨ੍ਹਾਂ ਨੂੰ ਵੀ ਕਾਨੂੰਨ ਅਨੁਸਾਰ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਅੱਗੇ ਲਿਜਾਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ, ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਹਰਬੰਸ ਸਿੰਘ ਧਾਲੀਵਾਲ ਡੀਐਸਪੀ ਲੰਬੀ, ਡਾ. ਸ਼ਕਤੀਪਾਲ ਲੰਬੀ, ਅਮਨ ਕੰਬੋਜ ਬੀਈਈ ਲੰਬੀ, ਰਛਪਾਲ ਸਿੰਘ ਚੇਅਰਮੈਨ ਖੁੱਡੀਆਂ, ਰਾਜਾ ਮਾਹੁਆਣਾ, ਤੋਜੀ ਲੰਬੀ, ਪਰਮ ਸਰਪੰਚ ਭਾਗੂ, ਗੁਰਬਾਜ ਸਿੰਘ ਵਣਵਾਲਾ, ਹਰਪਾਲ ਸਿੰਘ ਪੰਜਾਵਾ, ਗੁਰਬਾਜ ਸਿੰਘ ਪੀ.ਏ, ਮੋਹਿਤ ਸੋਨੀ ਮੀਡੀਆ ਇੰਚਰਾਜ, ਰਣਜੀਤ ਸਿੰਘ ਕੰਬੋਜ, ਜਸਵਿੰਦਰ ਸਿੰਘ ਭਾਗੂ, ਪਿਆਰੇ ਲਾਲ ਸੇਵਾਦਾਰ ਡੇਰਾ ਅਹਿਮਦਸ਼ਾਹ ਪੀਰ, ਰਮੇਸ਼ ਸਿੰਘ ਸਰਪੰਚ ਪੰਜਾਵਾ, ਦਲਜੀਤ ਸਿੰਘ, ਮਨਜਿੰਦਰ ਸਿੰਘ ਬਲਾਕ ਪ੍ਰਧਾਨ, ਹਰਪਾਲ ਸਿੰਘ, ਮੰਗਲ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਸੰਦੀਪ ਪਾਲ ਕਲੱਬ ਪ੍ਰਧਾਨ ਅਤੇ ਪਤਵੰਤੇ ਹਾਜ਼ਰ ਸਨ।
