ਮਾਲੇਰਕੋਟਲਾ, 22 ਜੂਨ: ਜ਼ਿਲ੍ਹੇ ਵਿੱਚ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਖਪਤਕਾਰਾਂ ਨੂੰ ਮਿਲਾਵਟ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਸ੍ਰੀ ਕ੍ਰਿਸ਼ਨਾ ਕਲੋਨੀ, ਮਾਲੇਰਕੋਟਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਡੇਅਰੀ ਵਿਕਾਸ ਮੰਤਰੀ ਪੰਜਾਬ ਗੁਰਮੀਤ ਸਿੰਘ ਖੂੱਡੀਆ, ਡਾਇਰੈਕਟਰ ਡੇਅਰੀ ਵਿਕਾਸ ਵਰਿਆਮ ਸਿੰਘ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਮਾਲੇਰਕੋਟਲਾ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਇਆ ਗਿਆ।
ਕੈਂਪ ਦੌਰਾਨ ਦੁੱਧ ਖਪਤਕਾਰਾਂ ਵੱਲੋਂ ਘਰਾਂ ਤੋਂ ਲਿਆਂਦੇ ਗਏ ਦੁੱਧ ਦੇ ਕੁੱਲ 25 ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਉਪਰੰਤ 10 ਸੈਂਪਲ ਮਿਆਰੀ ਪਾਏ ਗਏ, ਜਦਕਿ 15 ਸੈਂਪਲਾਂ ਵਿੱਚ 10 ਫੀਸਦੀ ਤੋਂ 25 ਫੀਸਦੀ ਤੱਕ ਪਾਣੀ ਦੀ ਮਿਲਾਵਟ ਪਾਈ ਗਈ। ਹਾਲਾਂਕਿ, ਜਾਂਚ ਕੀਤੇ ਗਏ ਕਿਸੇ ਵੀ ਸੈਂਪਲ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਮਿਲਿਆ, ਜੋ ਕਿ ਖਪਤਕਾਰਾਂ ਲਈ ਇੱਕ ਰਾਹਤਭਰੀ ਗੱਲ ਰਹੀ।
ਇਸ ਮੌਕੇ ਖਪਤਕਾਰਾਂ ਨੂੰ ਦੁੱਧ ਦੀ ਸ਼ੁੱਧਤਾ, ਗੁਣਵੱਤਾ ਅਤੇ ਮਿਲਾਵਟ ਦੀ ਪਛਾਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ, ਘਰੇਲੂ ਪੱਧਰ ’ਤੇ ਦੁੱਧ ਦੀ ਜਾਂਚ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਖਪਤਕਾਰਾਂ ਨੂੰ ਕਾਮਨ ਐਡਲਟਰੇਂਟਸ ਕਿੱਟਾਂ ਵੀ ਵੰਡੀਆਂ ਗਈਆਂ, ਤਾਂ ਜੋ ਉਹ ਖੁਦ ਵੀ ਮੁੱਢਲੇ ਪੱਧਰ ’ਤੇ ਦੁੱਧ ਦੀ ਜਾਂਚ ਕਰ ਸਕਣ।
ਕੈਂਪ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਹਰਮੇਸ਼ ਸਿੰਘ ਗਿੱਲ, ਡੇਅਰੀ ਵਿਕਾਸ ਇੰਸਪੈਕਟਰ ਹਰਮਨਦੀਪ ਕੌਰ ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ ।
