ਮੋਗਾ, 10 ਜਨਵਰੀ:
ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦਾ ਧੰਦਾ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਸੂਬੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਤੋਂ ਇਲਾਵਾ ਸਮੇਂ-ਸਮੇਂ ਉੱਪਰ ਪਸ਼ੂ ਪਾਲਕਾਂ ਨੂੰ ਮਾਹਿਰ ਸਟਾਫ਼ ਦੁਆਰਾ ਟ੍ਰੇਨਿੰਗਾਂ ਵੀ ਮੁਹੱਈਆ ਕਰਵਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਧੰਦੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਵਿਭਾਗ ਦੀਆਂ ਟ੍ਰੇਨਿੰਗਾਂ ਜਰੀਏ ਪਸ਼ੂ ਪਾਲਕ ਆਪਣੀਆਂ ਆਮਦਨਾਂ ਵਿੱਚ ਚੋਖਾ ਵਾਧਾ ਕਰ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਹੁਣ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ (ਟ੍ਰੇਨਿੰਗ ਅਤੇ ਪ੍ਰਸਾਰ) ਪਟਿਆਲਾ ਵਿਖੇ ਪਸ਼ੂ ਪਾਲਕਾਂ ਲਈ ਬੱਕਰੀ ਪਾਲਣ, ਸੂਰ ਪਾਲਣ, ਤੇ ਪੋਲਟਰੀ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1 ਫਰਵਰੀ ਤੋਂ 2 ਫਰਵਰੀ ਤੇ 26 ਫਰਵਰੀ ਤੋਂ 27 ਫਰਵਰੀ ਤੱਕ ਬੱਕਰੀ ਪਾਲਣ ਦੀ ਟ੍ਰੇਨਿੰਗ, 12 ਫਰਵਰੀ ਤੋਂ 16 ਫਰਵਰੀ ਤੱਕ ਸੂਰ ਪਾਲਣ ਕਿੱਤੇ ਦੀ ਟ੍ਰੇਨਿੰਗ, 19 ਫਰਵਰੀ ਤੋਂ 23 ਫਰਵਰੀ ਤੱਕ ਪੋਲਟਰੀ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਇਸ ਟ੍ਰੇਨਿੰਗ ਵਿੱਚ ਮਾਹਿਰਾਂ ਵੱਲੋਂ ਬੱਕਰੀ ਪਾਲਣ, ਸੂਰ ਪਾਲਣ ਤੇ ਪੋਲਟਰੀ ਦੇ ਕਿੱਤੇ ਵਿੱਚ ਸਹਾਈ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਲਈ ਪ੍ਰਾਰਥੀ ਦੀ ਆਧਾਰ ਕਾਰਡ ਦੀ ਫੋਟੋ ਕਾਪੀ ਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਜਰੂਰੀ ਹੈ। ਟ੍ਰੇਨਿੰਗ ਦੌਰਾਨ ਰਹਿਣ ਲਈ ਹੋਸਟਲ 20 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਉਪਲੱਬਧ ਕਰਵਾਇਆ ਜਾਵੇਗਾ। ਟ੍ਰੇਨਿੰਗ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਸਹਾਇਕ ਡਾਇਰੈਕਟਰ (ਟ੍ਰੇਨਿੰਗ ਤੇ ਪ੍ਰਸਾਰ) ਪਟਿਆਲਾ ਡਾ. ਗੁਰਜੀਤ ਸਿੰਘ ਦੇ ਮੋਬਾਇਲ ਨੰਬਰ 9876822102 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਟ੍ਰੇਨਿੰਗਾਂ ਵਿੱਚ ਆਉਣ ਤੋਂ ਪਹਿਲਾਂ ਉਕਤ ਨੰਬਰ ਉੱਪਰ ਰਜਿਸਟ੍ਰੇਸ਼ਨ (ਸੀਟ ਬੁੱਕ) ਕਰਵਾਉਣੀ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਕਿੱਤੇ ਨੂੰ ਪਹਿਲੀ ਵਾਰ ਅਪਣਾਉਣ ਜਾ ਰਹੇ ਅਤੇ ਇਹ ਧੰਦਾ ਕਰ ਰਹੇ ਦੋਨੋਂ ਤਰ੍ਹਾਂ ਦੇ ਵਿਅਕਤੀਆਂ ਨੂੰ ਇਸ ਟ੍ਰੇਨਿੰਗ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਪਸ਼ੂ ਪਾਲਕਾਂ ਲਈ ਪੰਜਾਬ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇਗੀ।